
ਖੜ੍ਹੇ ਟਰੱਕ ਨਾਲ ਕਾਰ ਦੀ ਟੱਕਰ ਕਾਰਨ ਵਾਪਰਿਆ ਹਾਦਸਾ
ਮਹਾਰਾਸ਼ਟਰ : ਸਾਬਕਾ ਰਣਜੀ ਖਿਡਾਰੀ ਪ੍ਰਵੀਨ ਹਿੰਗਨੀਕਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਦੱਸ ਦਈਏ ਕਿ ਕਾਰ ਹਾਦਸੇ 'ਚ ਪ੍ਰਵੀਨ ਹਿੰਗਨੀਕਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਦਕਿ ਉਨ੍ਹਾਂ ਦੀ ਪਤਨੀ ਸੁਵਰਨਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲੇ 'ਚ ਸਮਰਿਧੀ ਐਕਸਪ੍ਰੈੱਸ ਵੇਅ 'ਤੇ ਵਾਪਰਿਆ। ਪ੍ਰਵੀਨ ਹਿੰਗਨੀਕਰ ਦੀ ਕਾਰ ਟਰੱਕ ਨਾਲ ਟਕਰਾ ਗਈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਰੱਕ ਪਿੰਡ ਦੇ ਨੇੜੇ ਹਾਈਵੇਅ ਦੇ ਕਿਨਾਰੇ ਖੜ੍ਹਾ ਸੀ ਜਦੋਂ ਕਾਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਹਿੰਗਨੀਕਰ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਹ ਹਾਦਸਾ ਮਹਿਕਰ ਕੈਂਪਸ ਦੇ ਪਿੰਡ ਕਲਿਆਣਾ 'ਚ ਵਾਪਰਿਆ। ਸਾਬਕਾ ਰਣਜੀ ਖਿਡਾਰੀ ਅਤੇ ਵਿਦਰਭ ਕ੍ਰਿਕਟ ਸੰਘ ਦੇ ਸਾਬਕਾ ਪਿੱਚ ਕਿਊਰੇਟਰ ਪ੍ਰਵੀਨ ਹਿੰਗਨੀਕਰ (65) ਅਤੇ ਉਨ੍ਹਾਂ ਦੀ ਪਤਨੀ ਪੁਣੇ ਤੋਂ ਨਾਗਪੁਰ ਪਰਤ ਰਹੇ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਉਹ ਬੰਗਲਾਦੇਸ਼ ਕ੍ਰਿਕਟ ਬੋਰਡ ਵਿੱਚ ਕਿਊਰੇਟਰ ਵਜੋਂ ਕੰਮ ਕਰ ਰਹੇ ਹਨ। ਜ਼ਖ਼ਮੀ ਹਿੰਗਨੀਕਰ ਨੂੰ ਇਲਾਜ ਲਈ ਮਹਿਕਰ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਪ੍ਰਵੀਨ ਹਿੰਗਨੀਕਰ ਦਾ ਕਰੀਅਰ
ਹਿੰਗਨੀਕਰ ਨੇ 52 ਪਹਿਲੀ ਸ਼੍ਰੇਣੀ ਮੈਚਾਂ ਵਿੱਚ 2805 ਦੌੜਾਂ ਬਣਾਈਆਂ ਹਨ। ਇਸ ਦੌਰਾਨ 47 ਵਿਕਟਾਂ ਵੀ ਲਈਆਂ ਅਤੇ 17 ਲਿਸਟ ਏ ਮੈਚਾਂ ਵਿੱਚ 390 ਦੌੜਾਂ ਬਣਾਈਆਂ ਅਤੇ ਸੱਤ ਵਿਕਟਾਂ ਲਈਆਂ।
ਦੱਸਣਯੋਗ ਹੈ ਕਿ ਟੀਮ ਇੰਡੀਆ ਦੇ ਰਿਸ਼ਭ ਪੰਤ ਵੀ ਹਾਲ ਹੀ ਵਿੱਚ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋਏ ਸਨ। ਇਸ ਹਾਦਸੇ 'ਚ ਰਿਸ਼ਭ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਪੰਤ ਪਿਛਲੇ ਸਾਲ ਦਸੰਬਰ 'ਚ ਕਾਰ ਹਾਦਸੇ ਤੋਂ ਬਾਅਦ ਕ੍ਰਿਕਟ ਦੇ ਮੈਦਾਨ 'ਚ ਵਾਪਸੀ ਨਹੀਂ ਕਰ ਸਕੇ ਹਨ। ਪੰਤ ਕਦੋਂ ਪੂਰੀ ਤਰ੍ਹਾਂ ਫਿੱਟ ਹੋਣਗੇ, ਇਹ ਕਹਿਣਾ ਬਹੁਤ ਮੁਸ਼ਕਲ ਹੈ। ਇਸ ਆਉਣ ਵਾਲੇ ਵਿਸ਼ਵ ਕੱਪ ਤੱਕ ਵੀ ਉਨ੍ਹਾਂ ਲਈ ਵਾਪਸੀ ਕਰਨਾ ਮੁਸ਼ਕਲ ਜਾਪਦਾ ਹੈ।