
ਤਮਗਾ ਸੂਚੀ 'ਚ ਭਾਰਤ ਚੀਨ ਤੋਂ ਬਾਅਦ ਦੂਜੇ ਨੰਬਰ 'ਤੇ ਹੈ।
ਕਾਹਿਰਾ - ਭਾਰਤੀ ਨਿਸ਼ਾਨੇਬਾਜ਼ ਰਮਿਤਾ ਨੇ ਬੁੱਧਵਾਰ ਨੂੰ ਇੱਥੇ ਆਈ.ਐਸ.ਐਸ.ਐਫ਼. ਵਿਸ਼ਵ ਚੈਂਪੀਅਨਸ਼ਿਪ ਵਿੱਚ ਔਰਤਾਂ ਦੇ 10 ਮੀਟਰ ਏਅਰ ਰਾਈਫ਼ਲ ਜੂਨੀਅਰ ਮੁਕਾਬਲੇ ਵਿੱਚ ਚੀਨ ਦੀ ਯਿੰਗ ਸ਼ੇਨ ਨੂੰ ਕਰੀਬੀ ਮੁਕਾਬਲੇ ਵਿੱਚ 16-12 ਨਾਲ ਹਰਾ ਕੇ ਵਿਸ਼ਵ ਚੈਂਪੀਅਨ ਦਾ ਖ਼ਿਤਾਬ ਆਪਣੇ ਨਾਂਅ ਕੀਤਾ।
ਮੁਕਾਬਲੇ ਦੇ ਸੱਤਵੇਂ ਦਿਨ ਦੀ ਖ਼ਾਸ ਗੱਲ ਰਮਿਤਾ ਦਾ ਭਾਰਤ ਲਈ ਸੋਨ ਤਮਗਾ ਜਿੱਤਣਾ ਅਤੇ ਔਰਤਾਂ ਦੇ 50 ਮੀਟਰ ਪਿਸਟਲ ਜੂਨੀਅਰ ਮੁਕਾਬਲੇ ਵਿੱਚ ਪਹਿਲੇ ਤਿੰਨ ਸਥਾਨਾਂ 'ਤੇ ਆਪਣੀ ਛਾਪ ਲਗਾਉਣਾ ਰਹੇ। ਭਾਰਤ ਹੁਣ ਇਸ ਮੁਕਾਬਲੇ ਵਿੱਚ 25 ਤਗਮੇ ਜਿੱਤ ਚੁੱਕਿਆ ਹੈ, ਜਿਨ੍ਹਾਂ ਵਿੱਚ 10 ਸੋਨ, ਪੰਜ ਚਾਂਦੀ ਅਤੇ 10 ਕਾਂਸੀ ਦੇ ਤਮਗੇ ਸ਼ਾਮਲ ਹਨ।
ਤਮਗਾ ਸੂਚੀ 'ਚ ਭਾਰਤ ਚੀਨ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਫ਼ਾਈਨਲ 'ਚ ਰਮਿਤਾ ਯਿੰਗ ਦੇ ਖ਼ਿਲਾਫ਼ 12-12 ਨਾਲ ਬਰਾਬਰੀ 'ਤੇ ਸੀ, ਪਰ ਫ਼ਿਰ ਉਸ ਨੇ 10.8 ਅਤੇ 10.7 ਦੇ ਸਕੋਰ ਨਾਲ ਖਿਤਾਬ ਜਿੱਤ ਲਿਆ।
ਔਰਤਾਂ ਦੇ 50 ਮੀਟਰ ਪਿਸਟਲ ਜੂਨੀਅਰ ਮੁਕਾਬਲੇ ਵਿੱਚ ਭਾਰਤੀ ਕੁੜੀਆਂ ਦਾ ਦਬਦਬਾ ਰਿਹਾ। ਦਿਵਾਂਸ਼ੀ ਨੇ 547 ਅੰਕ ਹਾਸਲ ਕਰਕੇ ਸੋਨ ਤਮਗਾ ਜਿੱਤਿਆ। 539 ਅੰਕਾਂ ਨਾਲ ਵਰਸ਼ਾ ਸਿੰਘ ਦੂਜੇ ਜਦਕਿ 523 ਅੰਕਾਂ ਨਾਲ ਤਿਆਨਾ ਤੀਜੇ ਸਥਾਨ 'ਤੇ ਰਹੀ। ਭਾਰਤ ਦੀ ਖੁਸ਼ੀ ਕਪੂਰ ਇਸ ਮੁਕਾਬਲੇ 'ਚ ਚੌਥੇ ਸਥਾਨ 'ਤੇ ਰਹੀ। ਉਸ ਨੇ 521 ਅੰਕ ਬਣਾਏ।