
ਅਜਿੰਕਿਆ ਰਹਾਣੇ ਟੀਮ ਦੀ ਅਗਵਾਈ ਕਰਦੇ ਰਹਿਣਗੇ
ਮੁੰਬਈ : ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਉੱਭਰ ਰਹੇ ਨੌਜੁਆਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਜੰਮੂ-ਕਸ਼ਮੀਰ ਵਿਰੁਧ 23 ਜਨਵਰੀ ਤੋਂ ਐਮ.ਸੀ.ਏ.-ਬੀ.ਕੇ.ਸੀ. ਮੈਦਾਨ ’ਤੇ ਹੋਣ ਵਾਲੇ ਰਣਜੀ ਟਰਾਫੀ ਮੈਚ ਲਈ ਮੁੰਬਈ ਦੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਰੋਹਿਤ ਲਗਭਗ ਇਕ ਦਹਾਕੇ ਬਾਅਦ ਰਣਜੀ ਟਰਾਫੀ ਮੈਚ ’ਚ ਖੇਡਣਗੇ।
ਮੁੰਬਈ ਕ੍ਰਿਕਟ ਐਸੋਸੀਏਸ਼ਨ (ਐਮ.ਸੀ.ਏ.) ਨੇ ਸੋਮਵਾਰ ਨੂੰ ਟੀਮ ਦਾ ਐਲਾਨ ਕਰਦਿਆਂ ਕਿਹਾ ਕਿ ਦਿੱਗਜ ਖਿਡਾਰੀ ਅਜਿੰਕਿਆ ਰਹਾਣੇ ਟੀਮ ਦੀ ਅਗਵਾਈ ਕਰਦੇ ਰਹਿਣਗੇ। ਰੋਹਿਤ ਨੇ ਸਨਿਚਰਵਾਰ ਨੂੰ ਇੰਗਲੈਂਡ ਵਿਰੁਧ ਸੀਮਤ ਓਵਰਾਂ ਦੀ ਸੀਰੀਜ਼ ਅਤੇ ਅਗਲੇ ਮਹੀਨੇ ਚੈਂਪੀਅਨਜ਼ ਟਰਾਫੀ ਦੇ ਐਲਾਨ ਦੇ ਸਮੇਂ ਰਣਜੀ ਟਰਾਫੀ ਦੇ ਅਗਲੇ ਗੇੜ ’ਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਸੀ।
ਇਹ ਪੁੱਛੇ ਜਾਣ ’ਤੇ ਕਿ ਕੀ ਉਹ ਅਪਣੇ ਸੂਬੇ ਦੇ ਅਗਲੇ ਘਰੇਲੂ ਮੈਚ ’ਚ ਖੇਡਣਗੇ, ਉਨ੍ਹਾਂ ਨੇ ਜਵਾਬ ਦਿਤਾ, ‘‘ਮੈਂ ਖੇਡਾਂਗਾ।’’ ਨਿਊਜ਼ੀਲੈਂਡ ਵਿਰੁਧ ਘਰੇਲੂ ਮੈਦਾਨ ’ਤੇ ਅਤੇ ਆਸਟਰੇਲੀਆ ਵਿਰੁਧ ਸੀਰੀਜ਼ ’ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਪਿਛਲੇ ਕੁੱਝ ਸਮੇਂ ਤੋਂ ਰੋਹਿਤ ਦੀ ਖੇਡ ਦੇ ਸੱਭ ਤੋਂ ਲੰਮੇ ਫਾਰਮੈਟ ’ਚ ਲੈਅ ’ਚ ਹੋਣ ’ਤੇ ਸਵਾਲ ਚੁਕੇ ਜਾ ਰਹੇ ਹਨ।
ਭਾਰਤੀ ਕ੍ਰਿਕਟ ਬੋਰਡ ਨੇ ਹਾਲ ਹੀ ’ਚ ਸਾਰੇ ਇਕਰਾਰਨਾਮੇ ਵਾਲੇ ਖਿਡਾਰੀਆਂ ਲਈ ਘਰੇਲੂ ਕ੍ਰਿਕਟ ’ਚ ਹਿੱਸਾ ਲੈਣਾ ਲਾਜ਼ਮੀ ਕਰ ਦਿਤਾ ਹੈ। ਜੈਸਵਾਲ ਫਿਰ ਮੁੰਬਈ ਕੈਂਪ ਵਿਚ ਸ਼ਾਮਲ ਹੋ ਗਏ ਅਤੇ ਅਪਣੀ ਘਰੇਲੂ ਟੀਮ ਨਾਲ ਬੀ.ਕੇ.ਸੀ. ਮੈਦਾਨ ਵਿਚ ਕੁੱਝ ਸਿਖਲਾਈ ਸੈਸ਼ਨਾਂ ਵਿਚ ਹਿੱਸਾ ਲਿਆ। ਰੋਹਿਤ ਨੇ ਹਾਲ ਹੀ ’ਚ ਘਰੇਲੂ ਕ੍ਰਿਕਟ ਨਾ ਖੇਡਣ ਦੇ ਕਾਰਨਾਂ ’ਚੋਂ ਇਕ ਵਜੋਂ ਕੌਮੀ ਟੀਮ ਦੇ ਰੁਝੇਵੇਂ ਭਰੇ ਕਾਰਜਕ੍ਰਮ ਦਾ ਹਵਾਲਾ ਦਿਤਾ ਸੀ।