
ਭਾਰਤੀ ਕਪਤਾਨ ਨੇ ਚੈਨਲ ’ਤੇ ਰੀਕਾਰਡਿੰਗ ਰੋਕਣ ਦੀ ਬੇਨਤੀ ਦੇ ਬਾਵਜੂਦ ਉਸ ਦੀ ਨਿੱਜਤਾ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਸੀ
ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ ਪ੍ਰਸਾਰਕ ਸਟਾਰ ਸਪੋਰਟਸ ਨੇ ਸੋਮਵਾਰ ਨੂੰ ਰੋਹਿਤ ਸ਼ਰਮਾ ਨਾਲ ਜੁੜੀ ਨਿੱਜੀ ਗੱਲਬਾਤ ਦੀ ਕੋਈ ਵੀ ਆਡੀਓ ਪ੍ਰਸਾਰਿਤ ਕਰਨ ਤੋਂ ਇਨਕਾਰ ਕਰ ਦਿਤਾ। ਭਾਰਤੀ ਕਪਤਾਨ ਨੇ ਚੈਨਲ ’ਤੇ ਰੀਕਾਰਡਿੰਗ ਰੋਕਣ ਦੀ ਬੇਨਤੀ ਦੇ ਬਾਵਜੂਦ ਉਸ ਦੀ ਨਿੱਜਤਾ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ।
ਕੋਲਕਾਤਾ ਨਾਈਟ ਰਾਈਡਰਜ਼ ਨੇ ਰੋਹਿਤ ਅਤੇ ਉਸ ਦੇ ਸਹਾਇਕ ਕੋਚ ਅਭਿਸ਼ੇਕ ਨਾਇਰ ਨਾਲ ਜੁੜਿਆ ਇਕ ਵੀਡੀਉ ਸਾਂਝਾ ਕੀਤਾ ਹੈ ਜਿਸ ’ਚ ਭਾਰਤੀ ਕਪਤਾਨ ਨੂੰ ਕਥਿਤ ਤੌਰ ’ਤੇ ਮੁੰਬਈ ਇੰਡੀਅਨਜ਼ ’ਚ ਅਪਣੇ ਭਵਿੱਖ ਬਾਰੇ ਸੋਚਦੇ ਹੋਏ ਵੇਖਿਆ ਜਾ ਸਕਦਾ ਹੈ। ਇਹ ਵੀਡੀਉ 11 ਮਈ ਨੂੰ ਵਾਇਰਲ ਹੋਇਆ ਸੀ। ਨਾਈਟ ਰਾਈਡਰਜ਼ ਨੇ ਬਾਅਦ ਵਿਚ ਅਪਣੇ ਸੋਸ਼ਲ ਮੀਡੀਆ ਪੇਜਾਂ ਤੋਂ ਵੀਡੀਉ ਹਟਾ ਦਿਤੀ ।
ਰੋਹਿਤ ਨੂੰ 16 ਮਈ ਨੂੰ ਲਖਨਊ ਸੁਪਰ ਜਾਇੰਟਸ ਵਿਰੁਧ ਮੁੰਬਈ ਦੇ ਮੈਚ ਤੋਂ ਪਹਿਲਾਂ ਧਵਲ ਕੁਲਕਰਨੀ ਨਾਲ ਗੱਲਬਾਤ ਕਰਦੇ ਹੋਏ ਵੀ ਵੇਖਿਆ ਜਾ ਸਕਦਾ ਹੈ। ਸਲਾਮੀ ਬੱਲੇਬਾਜ਼ ਨੇ ਇਕ ਵਾਰ ਫਿਰ ਕੈਮਰਿਆਂ ਵਲ ਵੇਖਿਆ ਅਤੇ ਪ੍ਰਸਾਰਕ ਨੂੰ ਆਡੀਓ ਬੰਦ ਕਰਨ ਦੀ ਅਪੀਲ ਕੀਤੀ।
ਐਤਵਾਰ ਨੂੰ ਉਨ੍ਹਾਂ ਨੇ ਚੈਨਲ ’ਤੇ ਨਿੱਜੀ ਗੱਲਬਾਤ ਪ੍ਰਸਾਰਿਤ ਕਰਨ ਦਾ ਦੋਸ਼ ਲਾਇਆ ਪਰ ਸਟਾਰ ਨੇ ਇਕ ਬਿਆਨ ’ਚ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ। ਇਹ ਕਲਿੱਪ 16 ਮਈ ਨੂੰ ਵਾਨਖੇੜੇ ਸਟੇਡੀਅਮ ’ਚ ਟ੍ਰੇਨਿੰਗ ਸੈਸ਼ਨ ਦੌਰਾਨ ਲਈ ਗਈ ਸੀ, ਜਿਸ ਲਈ ਸਟਾਰ ਸਪੋਰਟਸ ਨੂੰ ਅਧਿਕਾਰਤ ਇਜਾਜ਼ਤ ਮਿਲੀ ਸੀ। ਗੱਲਬਾਤ ਦਾ ਕੋਈ ਆਡੀਓ ਰੀਕਾਰਡ ਪ੍ਰਸਾਰਿਤ ਨਹੀਂ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਕਲਿੱਪ ’ਚ ਸਿਰਫ ਸੀਨੀਅਰ ਖਿਡਾਰੀ ਨੂੰ ਅਪਣੀ ਗੱਲਬਾਤ ਦੀ ਆਡੀਓ ਰੀਕਾਰਡ ਨਾ ਕਰਨ ਦੀ ਬੇਨਤੀ ਕਰਦੇ ਹੋਏ ਵਿਖਾ ਇਆ ਗਿਆ ਹੈ, ਜਿਸ ਨੂੰ ਮੈਚ ਤੋਂ ਪਹਿਲਾਂ ਸਟਾਰ ਸਪੋਰਟਸ ’ਤੇ ਲਾਈਵ ਵਿਖਾ ਇਆ ਗਿਆ ਸੀ ਅਤੇ ਇਸ ਤੋਂ ਇਲਾਵਾ ਇਸ ਦੀ ਕੋਈ ਸੰਪਾਦਕੀ ਪ੍ਰਸੰਗਿਕਤਾ ਨਹੀਂ ਹੈ।
ਇਸ ਗੱਲਬਾਤ ਦਾ ਆਡੀਓ ਨਾਈਟ ਰਾਈਡਰਜ਼ ਨੇ ਅਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਪੋਸਟ ਕੀਤਾ ਸੀ, ਜਿਸ ਤੋਂ ਬਾਅਦ ਰੋਹਿਤ ਦੇ ਮੁੰਬਈ ਇੰਡੀਅਨਜ਼ ਨਾਲ ਭਵਿੱਖ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਵਿਵਾਦ ਤੋਂ ਬਾਅਦ ਨਾਈਟ ਰਾਈਡਰਜ਼ ਨੇ ਇਸ ਨੂੰ ਹਟਾ ਦਿਤਾ।
ਰੋਹਿਤ ਨੇ ਐਤਵਾਰ ਨੂੰ ਕਿਹਾ, ‘‘ਐਕਸਕਲੂਸਿਵ ਸਮੱਗਰੀ ਪ੍ਰਾਪਤ ਕਰਨ ਅਤੇ ਸਿਰਫ ਵਿਊਜ਼ ’ਤੇ ਧਿਆਨ ਕੇਂਦਰਿਤ ਕਰਨ ਨਾਲ ਇਕ ਦਿਨ ਪ੍ਰਸ਼ੰਸਕਾਂ, ਕ੍ਰਿਕਟਰਾਂ ਅਤੇ ਕ੍ਰਿਕਟ ਵਿਚਾਲੇ ਵਿਸ਼ਵਾਸ ਨੂੰ ਤੋੜ ਦੇਵੇਗੀ। ਬਿਹਤਰ ਸਮਝ ਦੀ ਜਿੱਤ ਹੋਣੀ ਚਾਹੀਦੀ ਹੈ।’’
ਚੈਨਲ ਨੇ ਕਿਹਾ ਕਿ ਉਹ ਖਿਡਾਰੀਆਂ ਦੀ ਨਿੱਜਤਾ ਦੀ ਰੱਖਿਆ ਲਈ ਵਚਨਬੱਧ ਹੈ। ਚੈਨਲ ਨੇ ਕਿਹਾ, ‘‘ਸਖਤ ਖੇਡ ਅਤੇ ਤਿਆਰੀ ਦੇ ਪਲਾਂ ਦੌਰਾਨ ਖਿਡਾਰੀਆਂ ਦੀ ਨਿੱਜਤਾ ਦਾ ਸਨਮਾਨ ਕਰਨਾ ਨੀਤੀ ਦੇ ਮੂਲ ’ਚ ਹੈ ਜਿਸ ਲਈ ਪ੍ਰਸਾਰਕ ਵਚਨਬੱਧ ਹੈ।’’