
ਫ਼ਾਈਨਲ 'ਚ ਉਜ਼ਬੇਕਿਸਤਾਨ ਦੇ ਖਿਡਾਰੀ ਨਾਲ ਹੋਵੇਗਾ ਮੁਕਾਬਲਾ
ਏਕਾਤੇਰਿਨਬਰਗ (ਰੂਸ) : ਏਸ਼ੀਆਈ ਚੈਂਪੀਅਨ ਅਮਿਤ ਪੰਘਾਲ (52 ਕਿਲੋਗ੍ਰਾਮ) ਸ਼ੁਕਰਵਾਰ ਨੂੰ ਅੰਤਮ ਚਾਰ ਦੇ ਮੁਕਾਬਲੇ 'ਚ ਕਜ਼ਾਕਿਸਤਾਨ ਦੇ ਸਾਕੇਨ ਬਿਬੋਸਿਨੋਵ ਨੂੰ ਹਰਾ ਕੇ ਵਿਸ਼ਵ ਮਰਦ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫ਼ਾਈਨਲ 'ਚ ਪੁੱਜਣ ਵਾਲੇ ਪਹਿਲੇ ਭਾਰਤੀ ਮੁੱਕੇਬਾਜ਼ ਬਣ ਗਏ ਹਨ।
Amit Panghal
ਅਮਿਤ ਨੇ ਚੁਣੌਤੀਪੂਰਨ ਮੁਕਾਬਲੇ 'ਚ 3-2 ਨਾਲ ਜਿੱਤ ਹਾਸਲ ਕੀਤੀ। ਹੁਣ ਫ਼ਾਈਨਲ 'ਚ ਉਨ੍ਹਾਂ ਦਾ ਸਾਹਮਣਾ ਸਨਿਚਰਵਾਰ (21 ਸਤੰਬਰ) ਨੂੰ ਉਜ਼ਬੇਕਿਸਤਾਨ ਦੇ ਸ਼ਾਖੋਬਿਦਿਨ ਜੋਈਰੋਵ ਨਾਲ ਹੋਵੇਗਾ, ਜਿਨ੍ਹਾਂ ਨੇ ਫ਼ਰਾਂਸ ਦੇ ਬਿਲਾਲ ਬੇਨਾਮਾ ਨੂੰ ਦੂਜੇ ਸੈਮੀਫ਼ਾਈਨਲ 'ਚ ਹਰਾਇਆ।
Amit Panghal
ਭਾਰਤੀ ਮੁੱਕੇਬਾਜ਼ੀ 'ਚ ਪੰਘਾਲ ਦੀ ਕਾਮਯਾਬੀ ਦਾ ਗ੍ਰਾਫ਼ ਸ਼ਾਨਦਾਰ ਰਿਹਾ ਹੈ। ਇਸ ਦੀ ਸ਼ੁਰੂਆਤ 2017 'ਚ ਏਸ਼ੀਆਈ ਚੈਂਪੀਅਨਸ਼ਿਪ 'ਚ 49 ਕਿਲੋਗ੍ਰਾਮ ਵਰਗ 'ਚ ਕਾਂਸੀ ਦਾ ਤਮਗ਼ਾ ਜਿੱਤਣ ਨਾਲ ਹੋਈ ਸੀ। ਉਨ੍ਹਾਂ ਨੇ ਇਸੇ ਸਾਲ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਲਿਆ ਅਤੇ ਕੁਆਰਟਰ ਫ਼ਾਈਨਲ ਤਕ ਪੁੱਜੇ ਸਨ। ਸਾਲ 2018 'ਚ ਉਹ ਏਸ਼ੀਆਈ ਚੈਂਪੀਅਨ ਬਣੇ ਅਤੇ ਇਸੇ ਸਾਲ ਉਨ੍ਹਾਂ ਨੇ ਏਸ਼ੀਆਈ ਚੈਂਪੀਅਨਸ਼ਿਪ ਦਾ ਸੋਨ ਤਮਗ਼ਾ ਆਪਣੇ ਨਾਂ ਕੀਤਾ। ਫਿਰ 49 ਕਿਲੋਗ੍ਰਾਮ ਦੇ ਓਲੰਪਿਕ ਕੈਟਾਗਰੀ ਤੋਂ ਹਟਣ ਮਗਰੋਂ ਉਨ੍ਹਾਂ ਨੇ 52 ਕਿਲੋਗ੍ਰਾਮ 'ਚ ਖੇਡਣ ਦਾ ਫ਼ੈਸਲਾ ਕੀਤਾ।
Amit Panghal
ਭਾਰਤ ਨੇ ਕਦੇ ਵੀ ਵਿਸ਼ਵ ਚੈਂਪੀਅਨਸ਼ਿਪ 'ਚ ਇਕ ਤੋਂ ਵੱਧ ਤਮਗ਼ੇ ਨਹੀਂ ਜਿੱਤੇ ਹਨ, ਪਰ ਪੰਘਾਲ ਅਤੇ ਮਨੀਸ਼ ਕੌਸ਼ਿਕ (63 ਕਿਲੋਗ੍ਰਾਮ) ਨੇ ਸੈਮੀਫ਼ਾਈਨਲ 'ਚ ਪਹੁੰਚ ਕੇ ਇਸ ਨੂੰ ਬਦਲ ਦਿੱਤਾ। ਇਸ ਤੋਂ ਪਹਿਲਾਂ ਵਿਜੇਂਦਰ ਸਿੰਘ (2009), ਵਿਕਾਸ ਕ੍ਰਿਸ਼ਣ (2011), ਸ਼ਿਵ ਥਾਪਾ (2015) ਅਤੇ ਗੌਰਵ ਬਿਧੂੜੀ (2017) ਨੇ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਦੇ ਤਮਗ਼ੇ ਜਿੱਤੇ ਸਨ।