
ਟੋਰੇਸ ਨੇ ਰਾਸ਼ਟਰੀ ਟੀਮ ਵੱਲੋਂ 110 ਮੁਕਾਬਲੇ ਖੇਡੇ ਤੇ 38 ਗੋਲ ਕੀਤੇ
ਮੈਡਰਿਡ : ਸਪੇਨ ਦੇ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਏਟਲੇਟਿਕੋ ਮੈਡਰਿਡ, ਲਿਵਰਪੂਲ ਤੇ ਚੈਲਸੀ ਦੇ ਸਾਬਕਾ ਸਟ੍ਰਾਈਕਰ ਫਰਨਾਂਡੋ ਟੋਰੇਸ ਨੇ ਸ਼ੁਕਰਵਾਰ ਨੂੰ ਸੰਨਿਆਸ ਦਾ ਐਲਾਨ ਕਰ ਦਿੱਤਾ।
Fernando Torres
35 ਸਾਲਾ ਟੋਰੇਸ ਨੇ ਇਹ ਜਾਣਕਾਰੀ ਆਪਣੇ ਟਵਿਟਰ ਅਕਾਊਂਟ 'ਤੇ ਦਿੱਤੀ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ ਕਿ ਬਿਹਤਰੀਨ 18 ਸਾਲ ਤੋਂ ਬਾਅਦ ਹੁਣ ਸਮਾਂ ਆ ਗਿਆ ਹੈ ਕਿ ਮੈਂ ਆਪਣੇ ਫੁਟਬਾਲ ਕਰੀਅਰ ਨੂੰ ਸਮਾਪਤ ਕਰਾਂ। ਟੋਰੇਸ ਸ਼ਨਿਚਰਵਾਰ ਨੂੰ ਟੋਕੀਓ ਵਿਚ ਮੀਡੀਆ ਨੂੰ ਸੰਬੋਧਨ ਕਰਨਗੇ। ਫਿਲਹਾਲ ਟੋਰੇਸ ਜਾਪਾਨੀ ਲੀਗ ਵਿਚ ਸਾਗਾਨ ਤੋਸੂ ਲਈ ਖੇਡਦੇ ਹਨ।
Fernando Torres
2015 ਵਿਚ ਏਟਲੇਟਿਕੋ ਨਾਲ ਜੁੜਨ ਵਾਲੇ ਟੋਰੇਸ ਨੇ ਆਪਣੇ ਬਚਪਨ ਦੇ ਇਸ ਸਪੈਨਿਸ਼ ਕਲੱਬ ਨੂੰ ਪਿਛਲੇ ਸਾਲ ਛੱਡ ਕੇ ਜਾਪਾਨੀ ਕਲੱਬ ਨਾਲ ਜੁੜਨ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਨੇ ਏਟਲੇਟਿਕੋ ਲਈ 334 ਮੁਕਾਬਲੇ ਖੇਡੇ ਤੇ 111 ਗੋਲ ਕੀਤੇ। ਉਥੇ ਲਿਵਰਪੂਲ ਲਈ ਖੇਡੇ ਆਪਣੇ 142 ਮੁਕਾਬਲਿਆਂ ਵਿਚ ਉਨ੍ਹਾਂ ਨੇ 81 ਗੋਲ ਕੀਤੇ ਜਦਕਿ ਚੇਲਸੀ ਲਈ ਖੇਡੇ 172 ਮੁਕਾਬਲਿਆਂ ਵਿਚ 45 ਗੋਲ ਕੀਤੇ।
Fernando Torres
ਟੋਰੇਸ 2010 ਵਿਚ ਫੀਫਾ ਵਿਸ਼ਵ ਕੱਪ ਜਿੱਤਣ ਵਾਲੀ ਸਪੈਨਿਸ਼ ਟੀਮ ਦੇ ਅਹਿਮ ਮੈਂਬਰ ਸਨ। ਉਨ੍ਹਾਂ ਨੇ ਆਪਣੀ ਰਾਸ਼ਟਰੀ ਟੀਮ ਵੱਲੋਂ 110 ਮੁਕਾਬਲੇ ਖੇਡੇ ਤੇ 38 ਗੋਲ ਕੀਤੇ।