
ਮਹਿਲਾ ਟਰਾਈ ਲੜੀ : ਪਹਿਲੇ ਮੁਕਾਬਲੇ 'ਚ ਆਸਟ੍ਰੇਲੀਆ ਨੇ ਭਾਰਤ ਨੂੰ ਦਿਤੀ ਮਾਤ
ਮੁੰਬਈ : ਮਹਿਮਾਨ ਟੀਮ ਆਸਟਰੇਲੀਆ ਨੇ ਵੀਰਵਾਰ ਤੋਂ ਸ਼ੁਰੂ ਹੋਈ ਟਰਾਈ ਲੜੀ ਵਿਚ ਮੇਜ਼ਬਾਨ ਭਾਰਤ ਨੂੰ ਛੇ ਵਿਕਟਾਂ ਨਾਲ ਹਰਾ ਕੇ ਅਪਣੀ ਮੁਹਿੰਮ ਦਾ ਜੇਤੂ ਆਗਾਜ ਕੀਤਾ। ਲੜੀ ਵਿਚ ਤੀਜੀ ਟੀਮ ਇੰਗਲੈਂਡ ਹੈ। ਮੁੰਬਈ ਵਿੱਚ ਹੋਏ ਲੜੀ ਦੇ ਪਹਿਲੇ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ ਨਿਰਧਾਰਤ ਓਵਰ ਵਿਚ ਪੰਜ ਵਿਕਟਾਂ ਦੇ ਨੁਕਸਾਨ 'ਤੇ 152 ਦੌੜਾਂ ਬਣਾਈਆਂ, ਜਵਾਬ ਵਿਚ ਆਸਟਰੇਲੀਆ ਨੇ ਚਾਰ ਵਿਕਟਾਂ ਦੇ ਨੁਕਸਾਨ ਉਤੇ 11 ਗੇਂਦਾਂ ਬਾਕੀ ਰਹਿੰਦੇ ਹੋਏ ਟੀਚਾ ਹਾਸਲ ਕਰ ਲਿਆ ਹੈ। ਭਾਰਤੀ ਪਾਰੀ ਵਿਚ ਸਮ੍ਰਿਤੀ ਮੰਧਾਨਾ ਨੇ 67 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ।
india vs austrelia
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮਿਤਾਲੀ ਰਾਜ ਅਤੇ ਸਮ੍ਰਿਤੀ ਮੰਧਾਨਾ ਨੇ ਭਾਰਤ ਨੂੰ ਮਜ਼ਬੂਤ ਸ਼ੁਰੁਆਤ ਦਿਵਾਈ, ਪਰ 72 ਦੌੜਾਂ ਉਤੇ ਮਿਤਾਲੀ ਦੇ ਰੂਪ ਵਿਚ ਟੀਮ ਨੂੰ ਪਹਿਲਾ ਝਟਕਾ ਅਤੇ ਇਸ ਦੇ ਬਾਅਦ 99 ਦੌੜਾਂ 'ਤੇ ਮੰਧਾਨਾ ਦੇ ਰੂਪ ਵਿਚ ਦੂਜਾ ਝਟਕਾ ਲਗਾ। ਦੋਨਾਂ ਸਲਾਮੀ ਬੱਲੇਬਾਜ਼ਾਂ ਦੇ ਜਾਣ ਦੇ ਬਾਅਦ ਤਾਂ ਭਾਰਤੀ ਪਾਰੀ ਲੜਖੜਾ ਗਈ ਅਤੇ ਇਕ ਦੌੜ ਉਤੇ ਹੀ ਟੀਮ ਨੇ ਅਪਣੇ ਦੋ ਵਿਕਟ ਗੁਆ ਦਿਤੇ। ਜੇਮਿਮਾ ਨੇ ਇਕ ਦੌੜ ਲੈ ਕੇ ਭਾਰਤੀ ਪਾਰੀ ਦੀਆਂ 100 ਦੌੜਾਂ ਪੂਰੀਆਂ ਕੀਤੀਆਂ ਅਤੇ ਅਗਲੀ ਹੀ ਗੇਂਦ ਉਤੇ ਪੈਰੀ ਨੇ ਉਨ੍ਹਾਂ ਦਾ ਵਿਕਟ ਲੈ ਲਿਆ। 100 ਦੌੜਾਂ ਉਤੇ ਹੀ ਹਰਮਨਪ੍ਰੀਤ ਕੌਰ ਵੀ ਪੈਰੀ ਦੀ ਗੇਂਦ ਉਤੇ ਸੋਫੀ ਨੂੰ ਆਪਣਾ ਕੈਚ ਦੇ ਬੈਠੀ। ਹਾਲਾਂਕਿ ਅਨੁਜਾ ਪਾਟਿਲ ਨੇ ਲੜਖੜਾਈ ਭਾਰਤੀ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ 35 ਦੌੜਾਂ ਦੇ ਨਿੱਜੀ ਸਕੋਰ ਉਤੇ ਉਸ ਨੇ ਦੇਲਿਸਾ ਦੀ ਗੇਂਦ ਉਤੇ ਸੋਫੀ ਨੂੰ ਅਪਣਾ ਕੈਚ ਦੇ ਦਿਤਾ ਅਤੇ ਨਿਰਧਾਰਤ ਓਵਰਾਂ ਵਿਚ ਟੀਮ ਇੰਡੀਆ ਆਸਟਰੇਲੀਆ ਦੇ ਸਾਹਮਣੇ ਚੁਣੌਤੀ ਭਰਪੂਰ ਟੀਚਾ ਵੀ ਨਹੀਂ ਰੱਖ ਸਕੀ।
india vs austrelia
ਵਿਰੋਧੀ ਟੀਮ ਦੇ ਸਾਹਮਣੇ ਚੁਣੌਤੀ ਭਰਪੂਰ ਟੀਚਾ ਨਹੀਂ ਰੱਖ ਸਕਣ ਦੇ ਬਾਅਦ ਹਾਲਾਂਕਿ ਗੇਂਦਬਾਜ਼ਾਂ ਨੇ ਅਪਣਾ ਕੰਮ ਸ਼ੁਰੂ ਕੀਤਾ ਅਤੇ ਚੰਗੀ ਗੇਂਦਬਾਜ਼ੀ ਨਾਲ ਉਨ੍ਹਾਂ ਉਤੇ ਦਬਾਅ ਬਣਾਉਣ ਦੀ ਰਣਨੀਤੀ ਅਪਨਾਈ, ਜਿਸ ਦੇ ਵਿਚ ਕਾਫੀ ਹੱਦ ਤਕ ਤਜਰਬੇਕਾਰ ਝੂਲਨ ਗੋਸਵਾਮੀ ਸਫ਼ਲ ਵੀ ਰਹੀ। ਝੂਲਨ ਨੇ ਪਹਿਲੇ ਓਵਰ ਦੀ ਪੰਜਵੀਂ ਹੀ ਗੇਂਦ ਉਤੇ ਆਖਰੀ ਵਨਡੇ ਵਿਚ ਆਸਟਰੇਲੀਆ ਲਈ ਵੱਡੀ ਪਾਰੀ ਖੇਡਣ ਵਾਲੀ ਏਲੀਸਾ ਹੀਲੀ ਨੂੰ ਬੋਲਡ ਕਰ ਕੇ ਆਸਟਰੇਲੀਆ ਨੂੰ ਨੌਂ ਦੌੜਾਂ ਉਤੇ ਪਹਿਲਾ ਝਟਕਾ ਦਿਤਾ। 29 ਦੌੜਾਂ ਉਤੇ ਝੂਲਨ ਨੇ ਗਾਰਡਨਰ ਨੂੰ ਬੋਲਡ ਕਰ ਕੇ ਮਹਿਮਾਨ ਟੀਮ ਨੂੰ ਦੂਜਾ ਵੱਡਾ ਝਟਕਾ ਦੇ ਕੇ ਦਬਾਅ ਵਿਚ ਲੱਗਭੱਗ ਲਿਆ ਹੀ ਦਿਤਾ ਸੀ, ਪਰ ਵਿਲਾਨੀ ਅਤੇ ਸਲਾਮੀ ਬੱਲੇਬਾਜ਼ ਮੂਨੀ ਦੀ ਵੱਡੀ ਸਾਂਝੇਦਾਰੀ ਵਾਲੀ ਪਾਰੀ ਨੇ ਇਸ ਦਬਾਅ ਨੂੰ ਖਤਮ ਕਰ ਦਿੱਤਾ, ਹਾਲਾਂਕਿ ਝੂਲਨ 108 ਦੌੜਾਂ ਦੇ ਸਕੋਰ ਉਤੇ ਇਸ ਸਾਂਝੇਦਾਰੀ ਨੂੰ ਤੋੜਨ ਵਿਚ ਸਫਲ ਰਹੀ, ਉਨ੍ਹਾਂ ਨੇ ਸ਼ਿਖਾ ਪਾਂਡੇ ਦੇ ਹੱਥੋਂ ਮੂਨੀ ਨੂੰ ਕੈਚ ਆਉਟ ਕਰਵਾਇਆ । ਇਸ ਸਾਂਝੇਦਾਰੀ ਦੇ ਟੁੱਟਣ ਦੇ ਬਾਅਦ ਕਪਤਾਨ ਮੇਗ ਲੇਂਨਿੰਗ ਅਤੇ ਹਾਇਨਸ ਨੇ 44 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ ਅਤੇ ਕਪਤਾਨ ਨੇ 19ਵੇਂ ਓਵਰ ਦੀ ਪਹਿਲੀ ਗੇਂਦ ਉਤੇ ਚੌਕਾ ਲਗਾ ਕੇ ਟੀਮ ਨੂੰ ਜਿੱਤ ਦਿਵਾ ਦਿਤੀ।