
ਭਾਰਤ ਨੂੰ ਚੀਨ ਵਿਰੁਧ ਚਮਤਕਾਰੀ ਪ੍ਰਦਰਸ਼ਨ ਦੀ ਜ਼ਰੂਰਤ ਸੀ ਪਰ ਭਾਰਤੀ ਖਿਡਾਰੀ ਆਸਾਂ 'ਤੇ ਖਰੇ ਨਹੀਂ ਉਤਰ ਸਕੇ
ਨਾਨਿਗ : ਦਸ ਵਾਰ ਦੀ ਚੈਂਪੀਅਨ ਚੀਨ ਤੋਂ ਦੂਜੇ ਅਤੇ ਆਖ਼ਰੀ ਗਰੁੱਪ ਮੈਚ ਵਿਚ 0-5 ਨਾਲ ਹਾਰ ਕੇ ਭਾਰਤ ਸੁਦੀਰਮਨ ਕੱਪ ਮਿਸ਼ਰਤ ਟੀਮ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਬਾਹਰ ਹੋ ਗਿਆ। ਗਰੁੱਪ 1 ਡੀ ਦੇ ਪਹਿਲੇ ਮੈਚ ਵਿਚ ਉਸ ਨੂੰ ਮਲੇਸ਼ੀਆ ਨੇ 3-2 ਨਾਲ ਹਰਾਇਆ ਸੀ। ਭਾਰਤ ਨੂੰ ਚੀਨ ਵਿਰੁਧ ਚਮਤਕਾਰੀ ਪ੍ਰਦਰਸ਼ਨ ਦੀ ਜ਼ਰੂਰਤ ਸੀ ਪਰ ਭਾਰਤੀ ਖਿਡਾਰੀ ਆਸਾਂ 'ਤੇ ਖਰੇ ਨਹੀਂ ਉਤਰ ਸਕੇ।
Sudirman Cup 2019
ਮਿਸ਼ਰਤ ਵਿਚ ਪ੍ਰਣਵ ਜੇਰੀ ਚੋਪੜਾ ਅਤੇ ਐਨ ਸਿੱਕੀ ਰੇਡੀ ਦੀ ਜੋੜੀ ਨੂੰ ਚੀਨ ਦੇ ਵਾਂਗ ਯਿਲਯੂ ਅਤੇ ਹੁਆਂਗ ਡੋਗਪਿੰਗ ਨੇ 21-5, 21-11 ਨਾਲ ਹਰਾਇਆ। ਮਲੇਸ਼ੀਆ ਦੇ ਲੀ ਜਿਜਿਆ ਨਾਲ ਸਿੰਗਲ ਮੁਕਾਬਲਾ ਹਾਰਨ ਵਾਲੇ ਸਮੀਰ ਵਰਮਾ ਨੂੰ ਕਿਦਾਂਬੀ ਸ਼ੀਕਾਂਤ ਦੇ ਜ਼ਖ਼ਮੀ ਹੋਣ ਕਾਰਨ ਇਕ ਵਾਰ ਫਿਰ ਕੋਰਟ ਵਿਚ ਉਤਰਨਾ ਪਿਆ। ਉਨ੍ਹਾਂ ਨੂੰ ਇਕ ਘੰਟਾ 11 ਮਿੰਟ ਤਕ ਚੱਲੇ ਮੁਕਾਬਲੇ ਵਿਚ ਓਲੰਪਿਕ ਚੈਂਮਪੀਅਨ ਚੇਨ ਲੋਗ ਨੇ 21-17, 22-20 ਨਾਲ ਸ਼ਿਕਸਤ ਦਿਤੀ।
Sudirman Cup 2019
ਸਾਤਵਿਕ ਸਾਈਰਾਜ ਰਾਂਕੀਰੇਡੀ ਅਤੇ ਚਿਰਾਗ ਸ਼ੇਟੀ ਨੂੰ ਦੁਨੀਆਂ ਦੀ ਸੱਤਵੇਂ ਨੰਬਰ ਦੀ ਜੋੜੀ ਹਾਨ ਚੇਂਗਕਾਈ ਅਤੇ ਝੋਉ ਹਾਓਡੋਗ ਨੇ 18-21, 21-15, 21-17 ਨਾਲ ਹਰਾਇਆ। ਸਾਇਨਾ ਨਹਿਵਾਲ ਨੂੰ ਆਲ ਇੰਗਲੈਂਡ ਚੈਂਪੀਅਨ ਚੇਨ ਯੂਫ਼ੇਈ ਨੇ 33 ਮਿੰਟ ਦੇ ਅੰਦਰ 21-12, 21-17 ਨਾਲ ਹਰਾ ਦਿਤਾ। ਉਥੇ ਦੁਨੀਆਂ ਦੀ ਤੀਸਰੇ ਨੰਬਰ ਦੀ ਜੋੜੀ ਚੇਨ ਕਿਗਚੇਨ ਅਤੇ ਜਿਆ ਯਿਫ਼ਨ ਨੇ ਅਸ਼ਵਨੀ ਪੋਨੱਪਾ ਅਤੇ ਸਿੱਕੀ ਨੂੰ 21-12, 21-15 ਨਾਲ ਹਰਾਇਆ। ਭਾਰਤ 2011 ਅਤੇ 2017 ਵਿਚ ਸੁਦੀਰਮਨ ਕੱਪ ਦੇ ਕਵਾਰਟਰ ਫ਼ਾਈਨਲ ਵਿਚ ਪਹੁੰਚਿਆ ਸੀ। (ਪੀਟੀਆਈ)