
ਸ਼ੁਭਮਨ ਗਿੱਲ ਨੇ 6 ਚੌਕੇ ਅਤੇ 2 ਛੱਕਿਆਂ ਦੀ ਬਦੌਲਤ ਬਣਾਈਆਂ 74 ਦੌੜਾਂ
ਐਸ.ਏ.ਐਸ ਨਗਰ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੁਕਾਬਲਾ ਮੋਹਾਲੀ ਦੇ ਕ੍ਰਿਕਟ ਐਸੋਸੀਏਸ਼ਨ ਆਈ.ਐਸ. ਬਿੰਦਰਾ ਸਟੇਡੀਅਮ ’ਚ ਖੇਡਿਆ ਗਿਆ। ਇਸ ਮੈਚ ਨੂੰ ਭਾਰਤ ਨੇ ਬੜੀ ਹੀ ਸ਼ਾਨ ਨਾਲ 5 ਵਿਕਟਾਂ ਨਾਲ ਜਿੱਤ ਲਿਆ।
ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ ਆਲ ਆਊਟ ਹੋ ਕੇ ਭਾਰਤ ਨੂੰ 277 ਦੌੜਾਂ ਦਾ ਟੀਚਾ ਦਿਤਾ। ਆਸਟ੍ਰੇਲੀਆ ਵਲੋਂ ਸੱਭ ਤੋਂ ਵੱਧ 52 ਦੌੜਾਂ ਡੇਵਿਡ ਵਾਰਨਰ ਨੇ ਬਣਾਈਆਂ। ਮੁਹੰਮਦ ਸ਼ੰਮੀ ਨੇ 51 ਦੌੜਾਂ ਦੇ ਆਸਟ੍ਰੇਲੀਆ ਦੇ ਪੰਜ ਬੱਲੇਬਾਜ਼ਾਂ ਨੂੰ ਆਊਟ ਕੀਤਾ। ਭਾਵੇਂ ਸਮਿਥ ਤੇ ਵਾਰਨਰ ਨੇ ਭਾਰਤੀ ਬੱਲੇਬਾਜ਼ਾਂ ਦੀ ਕਾਫ਼ੀ ਪਿਟਾਈ ਕੀਤੀ ਪਰ ਭਾਰਤੀ ਸਪਿਨਰਾਂ ਨੇ ਦੌੜਾਂ ’ਤੇ ਰੋਕ ਲਾ ਦਿਤੀ ਜਿਸ ਕਾਰਨ ਵਿਕਟ ਡਿੱਗਣ ਦੇ ਮੌਕੇ ਬਣਦੇ ਰਹੇ।
ਜਵਾਬ ’ਚ ਖੇਡਣ ਉਤਰੀ ਭਾਰਤੀ ਟੀਮ ਨੇ ਸ਼ੁਭਮਨ ਗਿਲ ਅਤੇ ਰੁਤੁਰਾਜ ਗਾਇਕਵਾੜ ਦੀ ਬਦੌਲਤ ਸ਼ਾਨਦਾਰ ਸ਼ੁਰੂਆਤ ਕੀਤੀ। ਦੋਵਾਂ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 142 ਦੌੜਾਂ ਬਣਾਈਆਂ। ਗਾਇਕਵਾੜ 77 ਗੇਂਦਾਂ ’ਤੇ 10 ਚੌਕਿਆਂ ਦੀ ਮਦਦ ਨਾਲ 71 ਦੌੜਾਂ ਬਣਾ ਕੇ ਐਡਮ ਜ਼ੰਪਾ ਦੀ ਗੇਂਦ ’ਤੇ ਆਊਟ ਹੋ ਗਏ। ਇਸ ਤੋਂ ਬਾਅਦ ਸ਼ਰੇਅਸ ਅਈਅਰ 8 ਗੇਂਦਾਂ ’ਚ ਸਿਰਫ਼ 3 ਦੌੜਾਂ ਬਣਾ ਕੇ ਰਨ ਆਊਟ ਹੋ ਗਏ। ਇਸ ਦੇ ਤੁਰਤ ਬਾਅਦ ਹੀ ਸ਼ੁਭਮਨ ਗਿਲ 74 ਦੌੜਾਂ ਬਣਾ ਕੇ ਆਊਟ ਹੋ ਗਏ।
ਇਸ ਤੋਂ ਬਾਅਦ ਕੇ.ਐਲ. ਰਾਹੁਲ ਅਤੇ ਈਸ਼ਾਨ ਕਿਸ਼ਨ ਨੇ ਸੰਭਲ ਕੇ ਖੇਡਣਾ ਸ਼ੁਰੂ ਕੀਤਾ ਤੇ ਟੀਚੇ ਵਲ ਵਧਣਾ ਸ਼ੁਰੂ ਕਰ ਦਿਤਾ ਪਰ ਸੰਭਲ ਕੇ ਖੇਡ ਰਹੇ ਇਸ਼ਾਨ ਕਿਸ਼ਨ ਨੂੰ ਪੈਟ ਕੈਮਿਨਜ਼ ਨੇ ਆਊਟ ਕਰ ਕੇ ਮੈਚ ਵਿਚ ਥੋੜ੍ਹੀ ਜਿਹੀ ਜਾਨ ਪਾ ਦਿਤੀ। ਇਸ ਤੋਂ ਬਾਅਦ ਕਰੀਜ਼ ’ਤੇ ਆਏ ਸੁਰਿਆਕੁਮਾਰ ਯਾਦਵ ਨੇ 50 ਦੌੜਾਂ ਬਣਾ ਕੇ ਟੀਚੇ ਨੂੰ ਹੋਰ ਨੇੜੇ ਕਰ ਦਿਤਾ। ਇਸ ਤੋਂ ਬਾਅਦ ਕੇ ਐਲ ਰਾਹੁਲ ਨੇ ਵੀ ਅਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਭਾਰਤ ਨੇ ਇਸ ਮੈਚ ਨੂੰ 5 ਵਿਕਟਾਂ ਨਾਲ ਜਿੱਤ ਲਿਆ।