
ਕ੍ਰਿਕਟ ਦੇ ਮੈਦਾਨ 'ਤੇ ਅਪਣੀ ਖੇਡ ਨਾਲ ਵਿਰੋਧੀ ਟੀਮਾਂ ਦੇ ਛੱਕੇ ਛੁਡਾਉਣ ਵਾਲੇ ਭਾਰਤ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਈ. ਸੀ. ਸੀ......
ਨਵੀਂ ਦਿੱਲੀ : ਕ੍ਰਿਕਟ ਦੇ ਮੈਦਾਨ 'ਤੇ ਅਪਣੀ ਖੇਡ ਨਾਲ ਵਿਰੋਧੀ ਟੀਮਾਂ ਦੇ ਛੱਕੇ ਛੁਡਾਉਣ ਵਾਲੇ ਭਾਰਤ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਈ. ਸੀ. ਸੀ. ਦੇ ਐਵਾਰਡ ਸਮਾਹਰੋ ਵਿਚ ਵੀ ਅਪਣੇ ਨਾਂ ਦਾ ਡੰਕਾ ਵਜਾ ਦਿਤਾ। ਆਈ. ਸੀ. ਸੀ. ਨੇ ਅਜ ਸਾਲ 2018 ਲਈ ਅਪਣੇ ਐਵਾਰਡਾਂ ਦਾ ਐਲਾਨ ਕੀਤਾ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਕ੍ਰਿਕਟ ਦੇ ਤਿੰਨ ਸਰਵਉੱਚ ਐਵਾਰਡ ਨਾਲ ਨਵਾਜ਼ਿਆ ਗਿਆ। ਵਿਰਾਟ ਆਈ. ਸੀ.ਸੀ. ਪੁਰਸ਼ 'ਕ੍ਰਿਕਟਰ ਆਫ਼ ਦਿ ਈਅਰ' (ਸਰ ਗਰਿਫੀਲਡ ਸੋਬਰਸ ਟਰਾਫੀ), ਆਈ. ਸੀ. ਸੀ. ਪੁਰਸ਼ 'ਟੈਸਟ ਕ੍ਰਿਕਟਰ ਆਫ਼ ਦਿ ਈਅਰ'
ਅਤੇ 'ਆਈ. ਸੀ. ਸੀ. ਵਨ ਡੇ ਕ੍ਰਿਕਟਰ ਆਫ ਦਿ ਈਅਰ' ਐਵਾਰਡ ਨਾਲ ਨਵਾਜ਼ਿਆ ਗਿਆ। ਇਸ ਤਰ੍ਹਾਂ ਵਿਰਾਟ ਨੇ ਖਿਤਾਬਾਂ ਦੀ ਹੈਟਰਿਕ ਲਾ ਦਿਤੀ। ਕ੍ਰਿਕਟ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਕ੍ਰਿਕਟਰ ਨੂੰ ਸਾਲ ਦੇ ਤਿਨ ਸਭ ਤੋਂ ਵੱਡੇ ਐਵਾਰਡਾਂ ਲਈ ਚੁਣਿਆ ਗਿਆ ਹੋਵੇ। ਭਾਰਤ ਦੇ ਤੇਜੀ ਨਾਲ ਉੱਭਰਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਮੰਗਲਵਾਰ ਨੂੰ ਸਾਲ ਦੇ ਉਭਰਦੇ ਕ੍ਰਿਕਰਟਰ ਐਵਾਰਡ ਲਈ ਚੁਣਿਆ।
ਆਈ. ਸੀ. ਸੀ. ਦੇ ਸਾਲਾਨਾ ਪੁਰਸਕਾਰਾਂ ਵਿਚ 21 ਸਾਲਾ ਪੰਤ ਦੀ ਚੋਣ ਵੋਟਿੰਗ ਅਕੈਡਮੀ ਨੇ ਕੀਤੀ। ਉਸ ਨੇ ਅਪਣੇ ਡਬਿਯੂ ਸਾਲ (2018) ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪੁਰਸਕਾਰ ਜਿੱਤਿਆ। ਪੰਤ ਇਸ ਦੌਰਾਨ ਇੰਗਲੈਂਡ ਵਿਚ ਸੈਂਕੜਾ ਲਾਉਣ ਵਾਲੇ ਪਹਿਲੇ ਵਿਕਟਕੀਪਰ ਵੀ ਬਣੇ। ਇਸ ਦੇ ਨਾਲ ਹੀ ਦਸੰਬਰ ਵਿਚ ਉਸ ਨੇ ਆਸਟਰੇਲੀਆ ਖਿਲਾਫ ਐਡੀਲੇਡ ਟੈਸਟ ਵਿਚ ਵਿਕਟ ਦੇ ਪਿੱਛੇ 11 ਕੈਚ ਲੈ ਕੇ ਰਿਕਾਰਡ ਬਣਾਇਆ। ਉਹ ਆਸਟਰੇਲੀਆ ਵਿਚ ਸੈਂਕੜਾ ਲਾਉਣ ਵਾਲੇ ਪਹਿਲੇ ਭਾਰਤੀ ਵਿਕਟਕੀਪਰ ਵੀ ਬਣੇ। (ਭਾਸ਼ਾ)