
ਬੀਸੀਸੀਆਈ ਦੇਵੇਗਾ ਤਿੰਨ ਕਰੋੜ ਰੁਪਏ ਸਾਲਾਨਾ
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਉਸ ਦੀ ਪਤਨੀ ਹਸੀਨ ਦੁਆਰਾ ਲਾਏ ਗਏ ਮੈਚ ਫ਼ਿਕਸਿੰਗ ਦੇ ਦੋਸ਼ਾਂ ਤੋਂ ਬਰੀ ਕਰ ਦਿਤਾ ਹੈ। ਨਾਲ ਹੀ ਬੋਰਡ ਨੇ ਹੁਣ ਉਸ ਨੂੰ ਸਾਲਾਨਾ ਤਨਖ਼ਾਹ ਦੇਣ ਦਾ ਵੀ ਫ਼ੈਸਲਾ ਕੀਤਾ ਹੈ। ਨਿਸ਼ਚੇ ਹੀ ਆਈਪੀਐਲ ਸ਼ੁਰੂ ਹੋਣ ਤੋਂ ਪਹਿਲਾਂ ਇਹ ਸ਼ਮੀ ਲਈ ਚੰਗੀ ਖ਼ਬਰ ਹੈ ਅਤੇ ਛੇਤੀ ਹੀ ਦਿੱਲੀ ਡੇਅਰ ਡੈਵਿਲਜ਼ ਦੇ ਅਭਿਆਸ ਵਿਚ ਉਹ ਹਿੱਸਾ ਲਵੇਗਾ। ਹਸੀਨ ਨੇ ਉਸ ਵਿਰੁਧ ਘਰੇਲੂ ਹਿੰਸਾ, ਹਤਿਆ ਦੀ ਕੋਸ਼ਿਸ਼, ਅਪਰਾਧਕ ਧਮਕੀ, ਬਲਾਤਕਾਰ ਸਮੇਤ ਕਈ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਾਇਆ ਹੈ। ਹੁਣ ਇਹ ਮਾਮਲਾ ਪੁਲਿਸ ਕੋਲ ਵਿਚਾਰਅਧੀਨ ਹੈ।
Mohammed Shami
ਹਾਲੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਸ਼ਮੀ ਆਈਪੀਐਲ ਵਿਚ ਖੇਡਣਗੇ ਵੀ ਜਾਂ ਨਹੀਂ। ਦੋ ਦਿਨ ਪਹਿਲਾਂ ਹੀ ਜਾਂਚ ਟੀਮ ਨੇ ਅਮਰੋਹਾ ਵਿਚ ਪੈਂਦੇ ਉਸ ਦੇ ਪਿੰਡ ਦਾ ਦੌਰਾ ਕੀਤਾ ਸੀ। ਸੁਪਰੀਮ ਕੋਰਟ ਦੁਆਰਾ ਕਾਇਮ ਕਮੇਟੀ ਨੇ ਦਿੱਲੀ ਦੇ ਸਾਬਕਾ ਕਮਿਸ਼ਰ ਅਤੇ ਬੋਰਡ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਦੇ ਮੁਖੀ ਨੀਰਜ ਕੁਮਾਰ ਨੂੰ ਮਾਮਲੇ ਦੀ ਜਾਂਚ ਦੀ ਬੇਨਤੀ ਕੀਤੀ ਸੀ। ਨੀਰਜ ਕੁਮਾਰ ਨੇ ਇਸ ਮਾਮਲੇ ਦੀ ਪੜਤਾਲ ਕਰਨ ਮਗਰੋਂ ਸ਼ਮੀ ਨੂੰ ਕਲੀਨ ਚਿੱਟ ਦੇ ਦਿਤੀ ਹੈ। ਬੀਸੀਸੀਆਈ ਨੇ ਮੁਹੰਮਦ ਸ਼ਮੀ ਦੀ ਤਨਖ਼ਾਹ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। (ਏਜੰਸੀ)