
ਦੂਜੇ ਪਾਸੇ ਮੁੰਬਈ ਆਪਣੀ 5ਵੀਂ ਹਾਰ ਤੋਂ ਬਾਅਦ 7ਵੇਂ ਸਥਾਨ 'ਤੇ ਆ ਗਈ ਹੈ।
IPL 2024: ਨਵੀਂ ਦਿੱਲੀ - IPL-2024 ਦੇ 38ਵੇਂ ਮੈਚ 'ਚ ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਨੂੰ 9 ਵਿਕਟਾਂ ਨਾਲ ਹਰਾਇਆ। ਸੀਜ਼ਨ ਵਿਚ ਰਾਜਸਥਾਨ ਦੀ ਇਹ 7ਵੀਂ ਜਿੱਤ ਹੈ। ਟੀਮ ਨੇ ਇਸ ਸਾਲ ਲਗਾਤਾਰ ਦੂਜੀ ਵਾਰ ਤੀਜਾ ਮੈਚ ਜਿੱਤਿਆ। ਇਸ ਜਿੱਤ ਨਾਲ ਰਾਜਸਥਾਨ ਪਲੇਆਫ ਦੀ ਦਹਿਲੀਜ਼ 'ਤੇ ਪਹੁੰਚ ਗਿਆ ਹੈ। ਟੀਮ 14 ਅੰਕਾਂ ਨਾਲ ਅੰਕ ਸੂਚੀ 'ਚ ਸਿਖਰ 'ਤੇ ਹੈ। ਦੂਜੇ ਪਾਸੇ ਮੁੰਬਈ ਆਪਣੀ 5ਵੀਂ ਹਾਰ ਤੋਂ ਬਾਅਦ 7ਵੇਂ ਸਥਾਨ 'ਤੇ ਆ ਗਈ ਹੈ।
ਸੋਮਵਾਰ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਮੁੰਬਈ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ 'ਚ 9 ਵਿਕਟਾਂ 'ਤੇ 179 ਦੌੜਾਂ ਬਣਾਈਆਂ। ਰਾਜਸਥਾਨ ਨੇ 180 ਦੌੜਾਂ ਦਾ ਟੀਚਾ 18.4 ਓਵਰਾਂ ਵਿੱਚ ਇੱਕ ਵਿਕਟ ਗੁਆ ਕੇ ਹਾਸਲ ਕਰ ਲਿਆ। ਸੰਦੀਪ ਸ਼ਰਮਾ ਪਲੇਅਰ ਆਫ ਦਿ ਮੈਚ ਰਹੇ। ਉਸ ਨੇ 4 ਓਵਰਾਂ 'ਚ 18 ਦੌੜਾਂ ਦੇ ਕੇ 5 ਵਿਕਟਾਂ ਲਈਆਂ।
ਮੈਚ ਬਾਰੇ ਦਿਲਚਸਪ ਤੱਥ
- ਯੁਜਵੇਂਦਰ ਚਾਹਲ ਨੇ IPL 'ਚ 200 ਵਿਕਟਾਂ ਪੂਰੀਆਂ ਕਰ ਲਈਆਂ
- ਟ੍ਰੇਂਟ ਬੋਲਟ ਨੇ ਟੀ-20 'ਚ 250ਵੀਂ ਵਿਕਟ ਲਈ।
- ਤਿਲਕ ਵਰਮਾ 1000 ਦੌੜਾਂ ਬਣਾਉਣ ਵਾਲੇ ਮੁੰਬਈ ਦੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ਼ ਬਣੇ।
MI ਲਈ ਤਿਲਕ ਵਰਮਾ ਨੇ 45 ਗੇਂਦਾਂ 'ਚ 3 ਛੱਕਿਆਂ ਸਮੇਤ 65 ਦੌੜਾਂ ਦਾ ਅਰਧ ਸੈਂਕੜਾ ਖੇਡਿਆ, ਜਦਕਿ ਨੇਹਲ ਵਢੇਰਾ 49 ਦੌੜਾਂ ਬਣਾ ਕੇ ਆਊਟ ਹੋ ਗਿਆ। ਮੁਹੰਮਦ ਨਬੀ ਨੇ 23 ਦੌੜਾਂ ਦਾ ਯੋਗਦਾਨ ਦਿੱਤਾ। ਰਾਜਸਥਾਨ ਦੇ ਸੰਦੀਪ ਸ਼ਰਮਾ ਨੇ 5 ਵਿਕਟਾਂ ਲਈਆਂ। ਟ੍ਰੇਂਟ ਬੋਲਟ ਨੇ 2 ਵਿਕਟਾਂ ਹਾਸਲ ਕੀਤੀਆਂ। ਯੁਜਵੇਂਦਰ ਚਾਹਲ ਅਤੇ ਅਵੇਸ਼ ਖਾਨ ਨੂੰ ਇਕ-ਇਕ ਵਿਕਟ ਮਿਲੀ।
ਦੌੜਾਂ ਦਾ ਪਿੱਛਾ ਕਰਦੇ ਹੋਏ ਆਰਆਰ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ 60 ਗੇਂਦਾਂ 'ਤੇ ਅਜੇਤੂ 104 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ। ਉਨ੍ਹਾਂ ਨੇ 9 ਚੌਕੇ ਅਤੇ 7 ਛੱਕੇ ਲਗਾਏ। ਜੋਸ ਬਟਲਰ ਨੇ 35 ਅਤੇ ਕਪਤਾਨ ਸੰਜੂ ਸੈਮਸਨ ਨੇ 38 ਅਜੇਤੂ ਦੌੜਾਂ ਦਾ ਯੋਗਦਾਨ ਪਾਇਆ। MI ਵੱਲੋਂ ਪਿਊਸ਼ ਚਾਵਲਾ ਨੂੰ ਇਕਮਾਤਰ ਵਿਕਟ ਮਿਲੀ।