
ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਅਥਲੀਟ ਬਣਿਆ ਨੀਰਜ
ਨਵੀਂ ਦਿੱਲੀ : ਟੋਕੀਓ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਦੁਨੀਆਂ ਦਾ ਨੰਬਰ ਇਕ ਜੈਵਲਿਨ ਥ੍ਰੋਅਰ ਬਣ ਗਿਆ ਹੈ। ਉਹ ਦੇਸ਼ ਦਾ ਪਹਿਲਾ ਅਥਲੀਟ ਹੈ ਜਿਸ ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਵਿਸ਼ਵ ਅਥਲੈਟਿਕਸ ਫੈਡਰੇਸ਼ਨ ਨੇ ਸੋਮਵਾਰ ਨੂੰ ਇਹ ਦਰਜਾਬੰਦੀ ਜਾਰੀ ਕੀਤੀ। ਨੀਰਜ 1455 ਅੰਕ ਲੈ ਕੇ ਪਹਿਲੇ ਨੰਬਰ 'ਤੇ ਹੈ। ਉਹ ਗ੍ਰੇਨਾਡਾ ਦੇ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਨੂੰ 22 ਅੰਕ ਪਿੱਛੇ ਛੱਡ ਦਿਤਾ ਹੈ।
ਗੁਆਂਢੀ ਦੇਸ਼ ਪਾਕਿਸਤਾਨ ਦੇ ਥਰੋਅਰ ਅਰਸ਼ਦ ਨਦੀਮ ਰੈਂਕਿੰਗ 'ਚ ਪੰਜਵੇਂ ਸਥਾਨ 'ਤੇ ਰਹੇ। ਨਦੀਮ ਨੇ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜਿੱਤਿਆ ਸੀ। ਨੀਰਜ ਚੋਪੜਾ ਸੱਟ ਕਾਰਨ ਇਸ 'ਚ ਹਿੱਸਾ ਨਹੀਂ ਲੈ ਸਕੇ। ਇਸ ਦੇ ਨਾਲ ਹੀ ਭਾਰਤ ਦੇ ਰੋਹਿਤ ਯਾਦਵ 15ਵੇਂ ਅਤੇ ਡੀਪੀ ਮਨੂ 17ਵੇਂ ਸਥਾਨ ਨਾਲ ਟਾਪ-20 ਵਿਚ ਸ਼ਾਮਲ ਹਨ।
ਨੀਰਜ 30 ਅਗਸਤ 2022 ਤੋਂ ਦੁਨੀਆਂ ਦੇ ਦੂਜੇ ਨੰਬਰ 'ਤੇ ਸੀ। ਪੀਟਰਸ ਅਜੇ ਵੀ ਨੰਬਰ ਇੱਕ ਜੈਵਲਿਨ ਥ੍ਰੋਅਰ ਸੀ। ਇਸ ਦੇ ਨਾਲ ਹੀ ਨੀਰਜ ਨੇ ਇਸ ਮਹੀਨੇ 5 ਮਈ ਨੂੰ ਦੋਹਾ 'ਚ ਹੋਈ ਦਿਆਮਾਂਗ ਲੀਗ 'ਚ 88.67 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟ ਕੇ ਸੋਨ ਤਗਮਾ ਜਿੱਤਿਆ ਸੀ। ਦੂਜੇ ਪਾਸੇ ਦੁਨੀਆਂ ਦੇ ਨੰਬਰ ਇਕ ਖਿਡਾਰੀ ਐਂਡਰਸਨ ਪੀਟਰਸ 85.88 ਮੀਟਰ ਥਰੋਅ ਨਾਲ ਤੀਜੇ ਸਥਾਨ 'ਤੇ ਰਹੇ। ਟੋਕੀਓ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਜੈਕਬ ਬਡਲੇਚ ਦੂਜੇ ਸਥਾਨ 'ਤੇ ਰਿਹਾ।
ਭਾਰਤੀ ਜੈਵਲਿਨ ਥ੍ਰੋਅਰ ਏਸ਼ੀਆਈ ਖੇਡਾਂ ਦੇ ਡਿਫੈਂਡਿੰਗ ਚੈਂਪੀਅਨ ਵੀ ਹਨ। ਉਸ ਨੇ ਜਕਾਰਤਾ, ਇੰਡੋਨੇਸ਼ੀਆ ਵਿਚ ਹੋਈਆਂ 2018 ਏਸ਼ੀਅਨ ਖੇਡਾਂ ਵਿਚ ਸੋਨ ਤਗਮਾ ਜਿੱਤਿਆ। ਉਹ ਇਸ ਸਾਲ 23 ਸਤੰਬਰ ਤੋਂ 8 ਅਕਤੂਬਰ ਤੱਕ ਚੀਨ ਦੇ ਹਾਂਗਜ਼ੂ ਵਿਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿਚ ਆਪਣੇ ਖ਼ਿਤਾਬ ਦਾ ਬਚਾਅ ਕਰਨਾ ਚਾਹੇਗਾ। ਨੀਰਜ ਨੇ ਪਿਛਲੇ ਸਾਲ ਅਮਰੀਕਾ ਵਿਚ ਯੂਜੀਨ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ।