
ਇੰਗਲੈਂਡ ਦੌਰੇ ਲਈ ਰਵਾਨਾ ਹੋਣ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ।
ਨਵੀਂ ਦਿੱਲੀ: ਇੰਗਲੈਂਡ ਦੌਰੇ ਲਈ ਰਵਾਨਾ ਹੋਣ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਪਾਕਿਸਤਾਨ ਦੇ ਤਿੰਨ ਖਿਡਾਰੀ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਗਏ ਹਨ। ਪਾਕਿਸਤਾਨ ਦੇ ਸਪਿਨਰ ਸ਼ਾਦਾਬ ਖਾਨ, ਤੇਜ਼ ਗੇਂਦਬਾਜ਼ ਹਾਰਿਸ ਰਊਫ ਅਤੇ 19 ਸਾਲਾ ਬੱਲੇਬਾਜ਼ ਹੈਦਰ ਅਲੀ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ।
Pakistan Cricket Team
ਇਹਨਾਂ ਖਿਡਾਰੀਆਂ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਵੀ ਅਪਣੇ ਤਿੰਨ ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਦੱਸਿਆ ਕਿ ਇਹਨਾਂ ਤਿੰਨ ਖਿਡਾਰੀਆਂ ਵਿਚ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਸੀ ਪਰ ਰਾਵਲਪਿੰਡੀ ਵਿਚ ਟੈਸਟ ਦੌਰਾਨ ਇਹ ਖਿਡਾਰੀ ਕੋਰੋਨਾ ਪੀੜਤ ਪਾਏ ਗਏ ਹਨ।
Pakistan Cricket Team
ਪੀਸੀਬੀ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਵਲਪਿੰਡੀ ਵਿਚ ਉਸਮਾਨ ਸ਼ੇਨਵਾਰੀ ਈਮਾਦ ਵਸੀਮ ਦਾ ਵੀ ਟੈਸਟ ਕੀਤਾ ਗਿਆ ਪਰ ਉਹ ਕੋਰੋਨਾ ਮੁਕਤ ਪਾਏ ਗਏ। ਕਰਾਚੀ, ਲਾਹੌਰ ਅਤੇ ਪੇਸ਼ਾਵਰ ਵਿਚ ਵਕਾਰ ਯੁਨੂਸ, ਸ਼ੋਇਬ ਮਲਿਕ ਅਤੇ ਕਿਲਫ ਡਿਏਕਾਨ ਦਾ ਵੀ ਕੋਰੋਨਾ ਟੈਸਟ ਕੀਤਾ ਗਿਆ ਹੈ। ਇਹਨਾਂ ਦੀ ਰਿਪੋਰਟ ਅੱਜ ਯਾਨੀ ਮੰਗਲਵਾਰ ਨੂੰ ਆਵੇਗੀ।
Corona Virus
ਦੱਸ ਦਈਏ ਕਿ ਪਾਕਿਸਤਾਨ ਦੀ ਟੀਮ ਨੇ ਐਤਵਾਰ ਨੂੰ ਇੰਗਲੈਂਡ ਦੌਰੇ ‘ਤੇ ਰਵਾਨਾ ਹੋਣਾ ਹੈ ਅਤੇ ਇਸ ਤੋਂ ਪਹਿਲਾਂ ਸਾਰੇ ਖਿਡਾਰੀਆਂ ਦੀ ਕੋਰੋਨਾ ਜਾਂਚ ਕੀਤੀ ਗਈ, ਜਿਸ ਦੌਰਾਨ ਤਿੰਨ ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ। ਦੱਸ ਦਈਏ ਕਿ ਪਾਕਿਸਤਾਨ ਨੇ ਇੰਗਲੈਂਡ ਦੌਰੇ ਲਈ 29 ਮੈਂਬਰੀ ਟੀਮ ਦੀ ਚੋਣ ਕੀਤੀ ਹੈ ਅਤੇ ਉਸ ਵਿਚ ਤਿੰਨ ਖਿਡਾਰੀ ਕੋਰੋਨਾ ਪੀੜਤ ਪਾਏ ਗਏ ਹਨ।
Pakistan Cricket Board
ਹੁਣ ਇਹਨਾਂ ਤਿੰਨ ਖਿਡਾਰੀਆਂ ਦਾ ਇੰਗਲੈਂਡ ਜਾਣਾ ਅਸੰਭਵ ਹੈ ਕਿਉਂਕਿ ਹੁਣ ਇਹਨਾਂ ਖਿਡਾਰੀਆਂ ਦਾ ਪਾਕਿਸਤਾਨ ਵਿਚ ਹੀ ਇਲਾਜ ਚੱਲੇਗਾ। ਦੱਸ ਦਈਏ ਕਿ ਜੇਕਰ ਪਾਕਿਸਤਾਨ ਦੇ ਹੋਰ ਖਿਡਾਰੀ ਵੀ ਕੋਰੋਨਾ ਪਾਜ਼ੇਟਿਵ ਪਾਏ ਜਾਂਦੇ ਹਨ ਤਾਂ ਫਿਰ ਉਹਨਾਂ ਦਾ ਇੰਗਲੈਂਡ ਦੌਰਾ ਖਤਰੇ ਵਿਚ ਪੈ ਸਕਦਾ ਹੈ। ਇੰਗਲੈਂਡ ਦੌਰੇ ‘ਤੇ ਪਾਕਿਸਤਾਨ ਵੱਲੋਂ ਤਿੰਨ ਟੈਸਟ ਅਤੇ ਤਿੰਨ ਟੀ-20 ਮੈਚ ਖੇਡੇ ਜਾਣਗੇ।