ਸ਼ਤਰੰਜ ਵਿਸ਼ਵ ਕੱਪ 2023 ਫਾਈਨਲ ਹਾਰਨ ਦੇ ਬਾਵਜੂਦ ਪ੍ਰਗਨਾਨੰਦ ਨੂੰ 66 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ।
ਨਵੀਂ ਦਿੱਲੀ - ਭਾਰਤੀ ਸ਼ਤਰੰਜ ਦੇ ਗ੍ਰੈਂਡਮਾਸਟਰ ਰਮੇਸ਼ਬਾਬੂ ਪ੍ਰਗਨਾਨੰਦ ਨੇ ਫਿਡੇ ਵਿਸ਼ਵ ਕੱਪ ਸ਼ਤਰੰਜ ਟੂਰਨਾਮੈਂਟ ਦੇ ਫਾਈਨਲ ਮੈਚ ਵਿਚ ਜ਼ਬਰਦਸਤ ਪ੍ਰਦਰਸ਼ਨ ਕੀਤਾ, ਪਰ ਉਹ ਖਿਤਾਬ ਜਿੱਤਣ ਤੋਂ ਖੁੰਝ ਗਏ। ਉਸ ਨੂੰ ਦੁਨੀਆ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਫਾਈਨਲ ਦੇ ਤਹਿਤ, ਦੋ ਦਿਨਾਂ ਵਿਚ ਦੋ ਮੈਚ ਖੇਡੇ ਗਏ ਅਤੇ ਦੋਵੇਂ ਡਰਾਅ ਵਿਚ ਖ਼ਤਮ ਹੋਏ। ਇਸ ਤੋਂ ਬਾਅਦ ਟਾਈਬ੍ਰੇਕਰ ਤੋਂ ਨਤੀਜਾ ਸਾਹਮਣੇ ਆਇਆ।
ਤੁਹਾਨੂੰ ਦੱਸ ਦਈਏ ਕਿ ਤਿੰਨ ਦਿਨ ਤੱਕ ਚੱਲੇ ਫਾਈਨਲ ਮੈਚ ਵਿਚ 4 ਗੇਮਾਂ ਤੋਂ ਬਾਅਦ ਨਤੀਜਾ ਸਾਹਮਣੇ ਆਇਆ। 18 ਸਾਲਾ ਪ੍ਰਗਨਾਨੰਦ ਨੇ ਸ਼ੁਰੂਆਤੀ ਦੋਵੇਂ ਮੈਚਾਂ ਵਿਚ 32 ਸਾਲਾ ਕਾਰਲਸਨ ਨੂੰ ਸਖ਼ਤ ਟੱਕਰ ਦਿੱਤੀ। ਮੰਗਲਵਾਰ ਨੂੰ ਦੋਵਾਂ ਵਿਚਾਲੇ ਪਹਿਲਾ ਮੈਚ ਖੇਡਿਆ ਗਿਆ, ਜੋ 34 ਚਾਲਾਂ ਲਈ ਗਿਆ, ਪਰ ਨਤੀਜਾ ਨਹੀਂ ਨਿਕਲ ਸਕਿਆ।
ਜਦਕਿ ਦੂਜਾ ਮੈਚ ਬੁੱਧਵਾਰ ਨੂੰ ਖੇਡਿਆ ਗਿਆ। ਇਸ ਵਾਰ ਦੋਵਾਂ ਵਿਚਾਲੇ 30 ਮੂਵ ਖੇਡੇ ਗਏ ਅਤੇ ਇਹ ਵੀ ਡਰਾਅ 'ਤੇ ਖਤਮ ਹੋਇਆ। ਸ਼ੁਰੂਆਤੀ ਦੋਵੇਂ ਮੈਚ ਡਰਾਅ ਹੋਣ ਤੋਂ ਬਾਅਦ ਵੀਰਵਾਰ (24 ਅਗਸਤ) ਨੂੰ ਟਾਈਬ੍ਰੇਕਰ ਤੋਂ ਨਤੀਜਾ ਸਾਹਮਣੇ ਆਇਆ। ਟਾਈਬ੍ਰੇਕਰ ਤਹਿਤ ਪ੍ਰਗਨਾਨੰਦ ਅਤੇ ਕਾਰਲਸਨ ਵਿਚਕਾਰ 2 ਗੇਮਾਂ ਖੇਡੀਆਂ ਗਈਆਂ।
ਦੋਵਾਂ ਵਿਚਾਲੇ ਪਹਿਲਾ ਟਾਈ ਬ੍ਰੇਕਰ ਗੇਮ 47 ਚਾਲਾਂ 'ਤੇ ਗਿਆ। ਇਸ 'ਚ ਭਾਰਤੀ ਗ੍ਰੈਂਡਮਾਸਟਰ ਪ੍ਰਗਨਾਨੰਦ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਦੂਜੇ ਗੇਮ 'ਚ ਉਸ ਤੋਂ ਉਮੀਦਾਂ ਸਨ ਪਰ ਉੱਥੇ ਵੀ ਉਸ ਨੇ ਕੁਝ ਜ਼ਬਰਦਸਤ ਪ੍ਰਦਰਸ਼ਨ ਕੀਤਾ, ਪਰ ਜਿੱਤ ਨਹੀਂ ਸਕੇ। ਦੂਜਾ ਟਾਈ ਬ੍ਰੇਕਰ ਮੈਚ ਡਰਾਅ ਵਿਚ ਸਮਾਪਤ ਹੋਇਆ।
ਇਸ ਤਰ੍ਹਾਂ ਕਾਰਲਸਨ ਨੇ ਪਹਿਲੀ ਵਾਰ ਇਹ ਖਿਤਾਬ ਜਿੱਤਿਆ ਹੈ। ਹੁਣ ਵਿਸ਼ਵ ਕੱਪ ਖਿਤਾਬ ਜਿੱਤਣ 'ਤੇ ਉਸ ਨੂੰ ਇਕ ਲੱਖ 10 ਹਜ਼ਾਰ ਅਮਰੀਕੀ ਡਾਲਰ ਇਨਾਮ ਵਜੋਂ ਮਿਲਣਗੇ। ਓਧਰ ਸ਼ਤਰੰਜ ਵਿਸ਼ਵ ਕੱਪ 2023 ਫਾਈਨਲ ਹਾਰਨ ਦੇ ਬਾਵਜੂਦ ਪ੍ਰਗਨਾਨੰਦ ਨੂੰ 66 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ।