
IPL Auction 2025 : ਪੰਜਾਬ ਕਿੰਗਜ਼ ਨੇ ਰਾਈਟ-ਟੂ-ਮੈਚ ਕਾਰਡ ਦੀ ਵਰਤੋਂ ਕਰ ਕੇ 18 ਕਰੋੜ ਰੁਪਏ ’ਚ ਖ਼ਰੀਦਿਆ
IPL Auction 2025 : ਜੇਦਾਹ (ਸਾਊਦੀ ਅਰਬ) : ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਸੱਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ, ਜਿਨ੍ਹਾਂ ਨੂੰ ਲਖਨਊ ਸੁਪਰ ਜਾਇੰਟਸ ਨੇ ਐਤਵਾਰ ਨੂੰ ‘ਮੈਗਾ ਨਿਲਾਮੀ’ ’ਚ 27 ਕਰੋੜ ਰੁਪਏ ’ਚ ਖਰੀਦਿਆ ਜਦਕਿ ਕੇ.ਕੇ.ਆਰ. ਦੇ ਕਪਤਾਨ ਸ਼੍ਰੇਅਸ ਅਈਅਰ 26.75 ਕਰੋੜ ਰੁਪਏ ’ਚ ਪੰਜਾਬ ਕਿੰਗਜ਼ ਨਾਲ ਜੁੜ ਗਏ।
ਪੰਤ ਲਈ ਸਨਰਾਈਜ਼ਰਜ਼ ਹੈਦਰਾਬਾਦ ਅਤੇ ਲਖਨਊ ਵਿਚਾਲੇ ਸਖਤ ਮੁਕਾਬਲਾ ਸੀ। ਦਿੱਲੀ ਕੈਪੀਟਲਜ਼ ਨੇ ਪਹਿਲਾਂ 20.75 ਕਰੋੜ ਰੁਪਏ ’ਚ ਰਾਈਟ-ਟੂ-ਮੈਚ ਦੀ ਵਰਤੋਂ ਕੀਤੀ ਪਰ ਜਦੋਂ ਲਖਨਊ ਨੇ 27 ਕਰੋੜ ਰੁਪਏ ਦੀ ਆਖਰੀ ਬੋਲੀ ਲਗਾਈ ਤਾਂ ਦਿੱਲੀ ਦੀ ਟੀਮ ਪਿੱਛੇ ਹਟ ਗਈ।
ਅਈਅਰ ਨੂੰ ਪੰਜਾਬ ਕਿੰਗਜ਼ ਨੇ 26.75 ਕਰੋੜ ਰੁਪਏ ’ਚ ਖਰੀਦਿਆ। ਦਿੱਲੀ ਕੈਪੀਟਲਜ਼ ਅਤੇ ਪੰਜਾਬ ਵਿਚਾਲੇ ਲੰਮੇ ਸਮੇਂ ਤੋਂ ਮੁਕਾਬਲਾ ਚੱਲ ਰਿਹਾ ਸੀ ਪਰ ਅੰਤ ਵਿਚ ਪੰਜਾਬ ਜਿੱਤ ਗਿਆ। ਅਈਅਰ ਨੇ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦਾ ਰੀਕਾਰਡ ਤੋੜਿਆ, ਜਿਨ੍ਹਾਂ ਨੂੰ ਕੇ.ਕੇ.ਆਰ. ਨੇ ਪਿਛਲੀ ਨਿਲਾਮੀ ’ਚ 24.75 ਕਰੋੜ ਰੁਪਏ ’ਚ ਖਰੀਦਿਆ ਸੀ। ਸਟਾਰਕ ਨੂੰ ਦਿੱਲੀ ਕੈਪੀਟਲਜ਼ ਨੇ 11.75 ਕਰੋੜ ਰੁਪਏ ’ਚ ਖਰੀਦਿਆ।
ਅਈਅਰ ਅਤੇ ਪੰਤ ਦੋਹਾਂ ਨੇ ਪਿਛਲੇ ਕੁੱਝ ਸਾਲਾਂ ’ਚ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਜ਼ਬਰਦਸਤ ਹਿੰਮਤ ਨਾਲ ਵਾਪਸੀ ਕੀਤੀ। ਪੰਤ ਦਸੰਬਰ 2022 ਵਿਚ ਭਿਆਨਕ ਕਾਰ ਹਾਦਸੇ ਤੋਂ ਬਾਅਦ ਸਫਲ ਵਾਪਸੀ ਕਰਨ ਵਿਚ ਕਾਮਯਾਬ ਰਹੇ, ਜਦਕਿ ਅਈਅਰ ਨੇ ਬੀ.ਸੀ.ਸੀ.ਆਈ. ਦੇ ਕੇਂਦਰੀ ਇਕਰਾਰਨਾਮੇ ਤੋਂ ਬਾਹਰ ਕੀਤੇ ਜਾਣ ਦੀ ਨਿਰਾਸ਼ਾ ਨੂੰ ਦੂਰ ਕਰਦਿਆਂ ਕੇ.ਕੇ.ਆਰ. ਨੂੰ ਤੀਜਾ ਆਈ.ਪੀ.ਐਲ. ਖਿਤਾਬ ਦਿਵਾਇਆ।
ਅਈਅਰ ਅਤੇ ਪੰਤ ਦੇ 14 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈ.ਪੀ.ਐਲ. 2025 ਸੀਜ਼ਨ ’ਚ ਅਪਣੀਆਂ-ਅਪਣੀਆਂ ਟੀਮਾਂ ਦੀ ਅਗਵਾਈ ਕਰਨ ਦੀ ਉਮੀਦ ਹੈ। ਪੰਜਾਬ ਕਿੰਗਜ਼ ਦੇ ਨਵੇਂ ਕੋਚ ਰਿਕੀ ਪੋਂਟਿੰਗ ਨੇ ਕਿਹਾ, ‘‘ਮੈਂ ਅਜੇ ਤਕ ਕਪਤਾਨੀ ਬਾਰੇ ਸ਼੍ਰੇਅਸ ਨਾਲ ਗੱਲ ਨਹੀਂ ਕੀਤੀ ਹੈ। ਮੈਂ ਨਿਲਾਮੀ ਤੋਂ ਪਹਿਲਾਂ ਉਸ ਨੂੰ ਫ਼ੋਨ ਕੀਤਾ ਸੀ ਪਰ ਉਸ ਨੇ ਨਹੀਂ ਚੁਕਿਆ। ਉਹ ਆਈ.ਪੀ.ਐਲ. ਕ੍ਰਿਕਟ ’ਚ ਇਕ ਸਫਲ ਕਪਤਾਨ ਰਿਹਾ ਹੈ ਅਤੇ ਉਸ ਨਾਲ ਦੁਬਾਰਾ ਕੰਮ ਕਰਨਾ ਪਸੰਦ ਕਰੇਗਾ।’’
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਪੰਜਾਬ ਨੇ ਰਾਈਟ-ਟੂ-ਮੈਚ ਕਾਰਡ ਦੀ ਵਰਤੋਂ ਕਰ ਕੇ 18 ਕਰੋੜ ਰੁਪਏ ’ਚ ਖਰੀਦਿਆ। ਸਨਰਾਈਜ਼ਰਜ਼ ਹੈਦਰਾਬਾਦ ਨੇ ਆਖਰੀ ਵਾਰ 18 ਕਰੋੜ ਰੁਪਏ ਦੀ ਬੋਲੀ ਲਗਾਈ ਸੀ, ਜਿਸ ਦੀ ਬਰਾਬਰੀ ਪੰਜਾਬ ਨੇ ਆਰ.ਟੀ.ਐਮ. ਰਾਹੀਂ ਕੀਤੀ ਸੀ। ਚੇਨਈ ਸੁਪਰ ਕਿੰਗਜ਼ ਨੇ ਅਰਸ਼ਦੀਪ ’ਤੇ ਪਹਿਲੀ ਬੋਲੀ ਲਗਾਈ ਸੀ, ਜੋ 2 ਕਰੋੜ ਰੁਪਏ ਦੇ ਬੇਸ ਪ੍ਰਾਈਸ ’ਤੇ ਨਿਲਾਮੀ ’ਚ ਦਾਖਲ ਹੋਣ ਵਾਲੇ ਪਹਿਲੇ ਖਿਡਾਰੀ ਸਨ।
ਲੈਗ ਸਪਿਨਰ ਯੁਜਵੇਂਦਰ ਚਾਹਲ ਨੂੰ ਪੰਜਾਬ ਕਿੰਗਜ਼ ਨੇ 18 ਕਰੋੜ ਰੁਪਏ ’ਚ ਖਰੀਦਿਆ। ਉਥੇ ਹੀ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਲਿਆਮ ਲਿਵਿੰਗਸਟੋਨ ਨੇ 8.75 ਕਰੋੜ ਰੁਪਏ ਖਰਚ ਕੀਤੇ।
ਭਾਰਤ ਦੇ ਸਟਾਰ ਖਿਡਾਰੀਆਂ ’ਚ ਕੇ.ਐਲ. ਰਾਹੁਲ ਨੂੰ ਦਿੱਲੀ ਕੈਪੀਟਲਜ਼ ਨੇ 14 ਕਰੋੜ ਰੁਪਏ ’ਚ ਖਰੀਦਿਆ। ਦਿੱਲੀ ਨੇ ਬੋਲੀ ਮੈਚ ’ਚ ਚੇਨਈ ਸੁਪਰ ਕਿੰਗਜ਼ ਨੂੰ ਹਰਾਇਆ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਗੁਜਰਾਤ ਟਾਈਟਨਜ਼ ਨੇ 12.25 ਕਰੋੜ ਰੁਪਏ ’ਚ ਖਰੀਦਿਆ। ਫਿੱਟਨੈੱਸ ਸਮੱਸਿਆਵਾਂ ਕਾਰਨ ਕੁੱਝ ਸਮੇਂ ਤੋਂ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 10 ਕਰੋੜ ਰੁਪਏ ’ਚ ਖਰੀਦਿਆ।
ਦਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਨੂੰ ਗੁਜਰਾਤ ਟਾਈਟਨਜ਼ ਨੇ 10.75 ਕਰੋੜ ਰੁਪਏ ਅਤੇ ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਨੂੰ 15.75 ਕਰੋੜ ਰੁਪਏ ’ਚ ਖਰੀਦਿਆ। ਲਖਨਊ ਸੁਪਰ ਜਾਇੰਟਸ ਨੇ ਦਖਣੀ ਅਫਰੀਕਾ ਦੇ ਬੱਲੇਬਾਜ਼ ਡੇਵਿਸ ਮਿਲਰ ਨੂੰ 7.5 ਕਰੋੜ ਰੁਪਏ ’ਚ ਖਰੀਦਿਆ।
ਪਹਿਲੇ ਦੋ ਸੈੱਟਾਂ ’ਚ 12 ਖਿਡਾਰੀ ਵੇਚੇ ਗਏ ਹਨ ਜਦਕਿ ਚੇਨਈ ਸੁਪਰ ਕਿੰਗਜ਼, ਕੋਲਕਾਤਾ ਨਾਈਟ ਰਾਈਡਰਜ਼, ਰਾਜਸਥਾਨ ਰਾਇਲਜ਼ ਅਤੇ ਮੁੰਬਈ ਇੰਡੀਅਨਜ਼ ਨੇ ਅਜੇ ਤਕ ਕਿਸੇ ਨੂੰ ਨਹੀਂ ਖਰੀਦਿਆ ਹੈ। ਇਹ ਦੂਜੀ ਵਾਰ ਹੈ ਜਦੋਂ ਆਈ.ਪੀ.ਐਲ. ਦੀ ਨਿਲਾਮੀ ਵਿਦੇਸ਼ ’ਚ ਹੋ ਰਹੀ ਹੈ। ਇਹ ਨਿਲਾਮੀ ਪਿਛਲੇ ਸਾਲ ਦੁਬਈ ’ਚ ਹੋਈ ਸੀ।
ਅਰਸ਼ਦੀਪ ਸਿੰਘ 'ਤੇ ਆਈਪੀਐਲ 2025 ਦੀ ਨਿਲਾਮੀ ਵਿੱਚ ਭਾਰੀ ਰਕਮਾਂ ਦੀ ਵਰਖਾ ਹੋਈ ਹੈ। ਅਰਸ਼ਦੀਪ ਸਿੰਘ ਨੂੰ ਪੰਜਾਬ ਕਿੰਗਜ਼ ਨੇ 18 ਕਰੋੜ ਰੁਪਏ ਵਿੱਚ ਖਰੀਦਿਆ। ਕਈ ਟੀਮਾਂ ਨੇ ਅਰਸ਼ਦੀਪ ਸਿੰਘ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ, ਉਸ ਦੀ ਅੰਤਿਮ ਬੋਲੀ 15 ਕਰੋੜ 75 ਲੱਖ ਰੁਪਏ ਸੀ। ਸਨਰਾਈਜ਼ਰਜ਼ ਹੈਦਰਾਬਾਦ ਉਸ ਨੂੰ ਖਰੀਦਣਾ ਚਾਹੁੰਦਾ ਸੀ ਪਰ ਅੰਤ ਵਿਚ ਪੰਜਾਬ ਨੇ ਉਸ 'ਤੇ ਆਰ.ਟੀ.ਐਮ. ਇਸ ਤੋਂ ਬਾਅਦ ਹੈਦਰਾਬਾਦ ਨੇ ਅਰਸ਼ਦੀਪ ਦੀ ਅੰਤਿਮ ਕੀਮਤ 18 ਕਰੋੜ ਰੁਪਏ ਰੱਖੀ ਅਤੇ ਪੰਜਾਬ ਨੇ ਅਰਸ਼ਦੀਪ ਨੂੰ ਇਹ ਕੀਮਤ ਦੇਣ ਲਈ ਸਹਿਮਤੀ ਪ੍ਰਗਟਾਈ।
ਅਰਸ਼ਦੀਪ ਸਿੰਘ ਦੀ ਮੂਲ ਕੀਮਤ 2 ਕਰੋੜ ਸੀ ਅਤੇ ਚੇਨਈ ਨੇ ਉਸ ਨੂੰ ਖਰੀਦਣ ਲਈ ਪਹਿਲੀ ਬੋਲੀ ਲਗਾਈ ਸੀ। ਇਸ ਤੋਂ ਬਾਅਦ ਦਿੱਲੀ ਕੈਪੀਟਲਸ ਅਤੇ ਚੇਨਈ ਵਿਚਾਲੇ ਲਗਾਤਾਰ ਬੋਲੀ ਦੀ ਲੜਾਈ ਹੁੰਦੀ ਰਹੀ। ਜਦੋਂ ਕੀਮਤ 7.50 ਕਰੋੜ ਰੁਪਏ ਤੱਕ ਪਹੁੰਚ ਗਈ ਤਾਂ ਗੁਜਰਾਤ ਟਾਈਟਨਸ ਨੇ ਉਸ ਨੂੰ ਖਰੀਦਣ ਦੀ ਇੱਛਾ ਜ਼ਾਹਰ ਕੀਤੀ। ਜਦੋਂ ਬੋਲੀ 10 ਕਰੋੜ ਰੁਪਏ ਤੱਕ ਗਈ ਤਾਂ ਆਰਸੀਬੀ ਨੇ ਅਰਸ਼ਦੀਪ ਲਈ ਬੋਲੀ ਲਗਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਰਾਜਸਥਾਨ ਰਾਇਲਜ਼ ਨੇ 11 ਕਰੋੜ ਰੁਪਏ ਦੀ ਬੋਲੀ ਲਗਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ ਨੇ ਅਰਸ਼ਦੀਪ ਨੂੰ 12 ਕਰੋੜ 75 ਲੱਖ ਰੁਪਏ 'ਚ ਖਰੀਦਣ ਦੀ ਬੋਲੀ ਲਗਾਈ। ਪਰ ਅੰਤ ਵਿੱਚ ਅਰਸ਼ਦੀਪ ਦੀ ਪੰਜਾਬ ਕਿੰਗਜ਼ ਵਿੱਚ ਵਾਪਸੀ ਹੋਈ ਹੈ।
ਅਰਸ਼ਦੀਪ ਸ਼ਾਨਦਾਰ ਗੇਂਦਬਾਜ਼ ਹੈ
ਇਸ ਖਿਡਾਰੀ ਨੂੰ ਮੌਜੂਦਾ ਦੌਰ 'ਚ ਟੀਮ ਇੰਡੀਆ ਦੀ ਟੀ-20 ਬ੍ਰਿਗੇਡ ਦਾ ਸਭ ਤੋਂ ਮਹੱਤਵਪੂਰਨ ਖਿਡਾਰੀ ਮੰਨਿਆ ਜਾਂਦਾ ਹੈ। ਅਰਸ਼ਦੀਪ ਨੇ ਟੀ-20 ਕ੍ਰਿਕੇਟ ’ਚ ਵਿਕਟਾਂ ਦੀ ਝੜੀ ਲਗਾ ਦਿੱਤੀ ਹੈ। ਇਸ ਖਿਡਾਰੀ ਨੇ 60 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 95 ਵਿਕਟਾਂ ਲਈਆਂ ਹਨ। ਅਰਸ਼ਦੀਪ ਸਿੰਘ ਦੀ ਖਾਸ ਗੱਲ ਇਹ ਹੈ ਕਿ ਇਹ ਖਿਡਾਰੀ ਪਾਵਰਪਲੇ ਦੇ ਨਾਲ-ਨਾਲ ਡੈਥ ਓਵਰਾਂ 'ਚ ਵੀ ਵਿਕਟਾਂ ਲੈਣ ਦੀ ਤਾਕਤ ਰੱਖਦਾ ਹੈ। ਇੰਨੀਆਂ ਖੂਬੀਆਂ ਹੋਣ ਦੇ ਬਾਵਜੂਦ ਪੰਜਾਬ ਕਿੰਗਜ਼ ਨੇ ਇਸ ਖਿਡਾਰੀ ਨੂੰ ਬਰਕਰਾਰ ਨਹੀਂ ਰੱਖਿਆ।
ਅਰਸ਼ਦੀਪ ਸਿੰਘ ਨੇ 2019 ’ਚ ਪੰਜਾਬ ਕਿੰਗਜ਼ ਲਈ ਡੈਬਿਊ ਕੀਤਾ ਸੀ ਅਤੇ 2024 ਤੱਕ ਉਸ ਨੇ ਪੰਜਾਬ ਲਈ 65 ਮੈਚ ਖੇਡੇ ਹਨ, ਜਿਸ ਵਿੱਚ ਉਸ ਦੇ ਨਾਂ 76 ਵਿਕਟਾਂ ਹਨ। ਇਸ ਦੌਰਾਨ ਉਹ ਇੱਕ ਮੈਚ ਵਿੱਚ ਪੰਜ ਅਤੇ ਦੋ ਮੈਚਾਂ ਵਿੱਚ ਚਾਰ ਵਿਕਟਾਂ ਲੈਣ ਵਿੱਚ ਕਾਮਯਾਬ ਰਿਹਾ। ਹਾਲਾਂਕਿ ਅਰਸ਼ਦੀਪ ਸਿੰਘ ਦਾ ਇਕਾਨਮੀ ਰੇਟ ਕਾਫੀ ਉੱਚਾ ਰਿਹਾ ਹੈ। ਉਹ ਪ੍ਰਤੀ ਓਵਰ 9 ਦੌੜਾਂ ਦਿੰਦਾ ਹੈ ਪਰ ਹੁਣ ਇਹ ਖਿਡਾਰੀ ਇਕ ਵੱਖਰੇ ਪੱਧਰ 'ਤੇ ਹੈ ਅਤੇ ਇਸੇ ਕਾਰਨ ਉਸ ਨੂੰ ਆਈਪੀਐਲ 2025 ਵਿਚ ਵੱਡੀ ਰਕਮ ਮਿਲੀ ਹੈ।
(For more news apart from IPL Auction 2025 News in Punjabi, stay tuned to Rozana Spokesman)