
ਕਿਹਾ, ਪਿਛਲੀਆਂ ਓਲੰਪਿਕ ਖੇਡਾਂ ’ਚ ਭਾਰਤੀ ਸੱਭ ਤੋਂ ਵੱਡੇ ਦਰਸ਼ਕ ਸਨ
ਨਵੀਂ ਦਿੱਲੀ: ਖੇਡ ਮੰਤਰੀ ਅਨੁਰਾਗ ਠਾਕੁਰ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਨੂੰ 2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦਾ ਅਧਿਕਾਰ ਦੇਣਾ ਕੌਮਾਂਤਰੀ ਓਲੰਪਿਕ ਕਮੇਟੀ ਲਈ ਵਧੇਰੇ ਤਰਕਸੰਗਤ ਹੋਵੇਗਾ ਕਿਉਂਕਿ ਦੇਸ਼ ਖੇਡਾਂ ਸਮੇਤ ਸਾਰੇ ਖੇਤਰਾਂ ’ਚ ਵਿਕਾਸ ਕਰ ਰਿਹਾ ਹੈ।
ਠਾਕੁਰ ਨੇ ਨਿਊਜ਼ 9 ਗਲੋਬਲ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2020 ਟੋਕੀਓ ਓਲੰਪਿਕ ਅਤੇ 2022 ਹਾਂਗਝੂ ਏਸ਼ੀਆਈ ਖੇਡਾਂ ’ਚ ਭਾਰਤ ਦੇ ਚੰਗੇ ਪ੍ਰਦਰਸ਼ਨ ਨੇ ਉਮੀਦ ਜਗਾ ਦਿਤੀ ਹੈ ਕਿ ਦੇਸ਼ 2036 ਤਕ ਖੇਡਾਂ ’ਚ ਚੋਟੀ ਦੇ 10 ਅਤੇ 2047 ਤਕ ਚੋਟੀ ਦੇ ਪੰਜ ’ਚ ਸ਼ਾਮਲ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਪਿਛਲੀਆਂ ਓਲੰਪਿਕ ਖੇਡਾਂ ’ਚ ਭਾਰਤੀ ਸੱਭ ਤੋਂ ਵੱਡੇ ਦਰਸ਼ਕ ਸਨ। ਆਈ.ਓ.ਸੀ. ਲਈ 2036 ਓਲੰਪਿਕ ਖੇਡਾਂ ਨੂੰ ਭਾਰਤ ਨੂੰ ਸੌਂਪਣਾ ਹੋਰ ਵੀ ਤਰਕਸੰਗਤ ਹੋਵੇਗਾ।
ਪਿਛਲੇ ਸਾਲ ਮੁੰਬਈ ’ਚ ਆਈ.ਓ.ਸੀ. ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ 2036 ’ਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਹੀ ਆਈਓਸੀ ਸੈਸ਼ਨ ਦੌਰਾਨ ਸਪੱਸ਼ਟ ਕਰ ਚੁਕੇ ਹਨ ਕਿ ਭਾਰਤ 2036 ਦੇ ਓਲੰਪਿਕ ਦੀ ਮੇਜ਼ਬਾਨੀ ਨੂੰ ਲੈ ਕੇ ਗੰਭੀਰ ਹੈ ਅਤੇ ਇਸ ਤੋਂ ਪਹਿਲਾਂ ਅਸੀਂ 2030 ’ਚ ਯੂਥ ਓਲੰਪਿਕ ਦੀ ਮੇਜ਼ਬਾਨੀ ਕਰਨਾ ਚਾਹੁੰਦੇ ਹਾਂ।