
ਦੇਸ਼ ਦੇ ਦੋ ਸਿਖਰਲੇ ਭਲਵਾਨਾਂ ਵਿਚਕਾਰ ਜਾਰੀ ਜ਼ੁਬਾਨੀ ਜੰਗ ’ਚ ਯੋਗੇਸ਼ਵਰ ਦੱਤ ਨੇ ਬਜਰੰਗ ਪੂਨੀਆ ਦੇ ਉਸ ਬਿਆਨ ਨੂੰ ‘ਸਰਾਸਰ ਝੂਠ’ ਕਰਾਰ ਦਿਤਾ
ਨਵੀਂ ਦਿੱਲੀ : ਦੇਸ਼ ਦੇ ਦੋ ਸਿਖਰਲੇ ਭਲਵਾਨਾਂ ਵਿਚਕਾਰ ਜਾਰੀ ਜ਼ੁਬਾਨੀ ਜੰਗ ’ਚ ਯੋਗੇਸ਼ਵਰ ਦੱਤ ਨੇ ਬਜਰੰਗ ਪੂਨੀਆ ਦੇ ਉਸ ਬਿਆਨ ਨੂੰ ‘ਸਰਾਸਰ ਝੂਠ’ ਕਰਾਰ ਦਿਤਾ ਜਿਸ ’ਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਲੰਡਨ ਓਲੰਪਿਕ ’ਚ ਤਾਂਬੇ ਦਾ ਤਮਗ਼ਾ ਜਿੱਤਣ ਵਾਲੇ ਭਲਵਾਨ ਨੇ ਉਨ੍ਹਾਂ ਨੂੰ ਜਾਣਬੁਝ ਕੇ ਮੁਕਾਬਲਾ ਹਾਰਨ ਲਈ ਕਿਹਾ ਸੀ।
ਬਜਰੰਗ ਨੇ ਸਨਿਚਰਵਾਰ ਨੂੰ ਸੋਸ਼ਲ ਮੀਡੀਆ ’ਤੇ ਜਾਰੀ ਬਿਆਨ ’ਚ ਕਿਹਾ ਸੀ ਕਿ ਯੋਗੇਸ਼ਵਰ ਨੇ ਉਨ੍ਹਾਂ ਨੂੰ ਕਈ ਵਾਰੀ ਮੁਕਾਬਲਾ ਹਾਰਨ ਲਈ ਕਿਹਾ ਸੀ। ਬਜਰੰਗ ਦੇ ਦਾਅਵੇ ਬਾਰੇ ਜਦੋਂ ਯੋਗੇਸ਼ਵਰ ਨੂੰ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ, ‘‘ਮੈਂ ਉਸ ਨੂੰ ਕਦੇ ਹਾਰਨ ਲਈ ਨਹੀਂ ਕਿਹਾ, ਇਹ ਸਰਾਸਰ ਝੂਠ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਓਲੰਪਿਕ ਕੁਆਲੀਫ਼ਾਇੰਗ (2016) ਦੌਰਾਨ ਉਹ 65 ਕਿਲੋ ਟਰਾਇਲ ਦਾ ਹਿੱਸਾ ਸਨ ਪਰ ਅਸੀਂ ਇਕ-ਦੂਜੇ ਦਾ ਸਾਹਮਣਾ ਨਹੀਂ ਕੀਤਾ ਸੀ। ਅਮਿਤ ਧਨਖੜ ਨੇ ਉਸ ਨੂੰ ਹਰਾਇਆ ਸੀ। ਇਸ ਤੋਂ ਬਾਅਦ ਆਖ਼ਰੀ ਮੁਕਾਬਲੇ ’ਚ ਮੈਂ ਅਮਿਤ ਦਾ ਸਾਹਮਣਾ ਕੀਤਾ ਸੀ।’’
ਉਨ੍ਹਾਂ ਕਿਹਾ, ‘‘ਪ੍ਰੋ ਰੈਸਲਿੰਗ ਲੀਡ’ ’ਚ ਅਸੀਂ ਇਕ-ਦੂਜੇ ਦਾ ਮੁਕਾਬਲਾ ਕੀਤਾ ਸੀ। ਮੈਂ ਉਥੇ 3-0 ਨਾਲ ਜਿੱਤ ਦਰਜ ਕੀਤੀ ਸੀ। ਜੇ ਮੈਂ ਚਾਹੁੰਦਾ ਤਾਂ ਹੋਰ ਵੱਧ ਸਕੋਰ ਕਰ ਸਕਦਾ ਸੀ। ਹਰ ਕੋਈ ਜਾਣਦਾ ਹੈ ਕਿ ਇਹ ਸਿਰਫ਼ ਦਿਖਾਵੇ ਦਾ ਮੁਕਾਬਲਾ ਸੀ।’’ ਕੁਸ਼ਤੀ ਛੱਡਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਆਗੂ ਬਣੇ ਯੋਗੇਸ਼ਵਰ ਨੇ ਕਿਹਾ ਕਿ ਉਹ ਵਿਦੇਸ਼ ਦੌਰੇ ’ਤੇ ਹਮੇਸ਼ਾ ਅਪਣੇ ਅਭਿਆਸ ਸਹਿਯੋਗੀ ਦੇ ਤੌਰ ’ਤੇ ਬਜਰੰਗ ਲੈ ਕੇ ਜਾਂਦੇ ਸਨ।
ਉਨ੍ਹਾਂ ਦਾਅਵਾ ਕੀਤਾ, ‘‘ਓਲੰਪਿਕ 2016 ਤੋਂ ਪਹਿਲਾਂ ਮੈਂ ਜਦੋਂ ਵੀ ਵਿਦੇਸ਼ ਜਾਂਦਾ ਸੀ ਤਾਂ ਬਜਰੰਗ ਨੂੰ ਅਪਣੇ ਅਭਿਆਸ ਸਹਿਯੋਗੀ ਦੇ ਤੌਰ ’ਤੇ ਲੈ ਕੇ ਜਾਂਦਾ ਸੀ। ਪਰ ਉਸ ਨੇ ਮੇਰੇ ਨਾਲ ਧੋਖਾ ਕੀਤਾ ਹੈ ਮੈਨੂੰ ਨਹੀਂ ਪਤਾ ਕਿ ਉਹ ਮੇਰੇ ’ਤੇ ਦੋਸ਼ ਕਿਉਂ ਲਾ ਰਿਹਾ ਹੈ ਅਤੇ ਮੇਰਾ ਅਕਸ ਖ਼ਰਾਬ ਕਰ ਰਿਹਾ ਹੈ।’’ ਯੋਗੇਸ਼ਵਰ ਨੂੰ ਲਗਦਾ ਹੈ ਕਿ 2018 ’ਚ ਉਸ ਤੋਂ ਵੱਖ ਹੋਣ ਦਾ ਫੈਸਲਾ ਕਰਨ ਮਗਰੋਂ ਬਜਰੰਗ ਇਸ ਤਰ੍ਹਾਂ ਦੇ ਝੂਠੇ ਦੋਸ਼ ਲਾ ਕੇ ਉਨ੍ਹਾਂ ’ਤੇ ਹਿਸਾਬ ਬਰਾਬਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ: ਫੋਗਾਟ ਨੇ ਬਗ਼ੈਰ ਮਿਤੀ ਵਾਲੀ ਚਿੱਠੀ ਸਾਂਝੀ ਕੀਤੀ, ਟਰਾਇਲਸ ਤੋਂ ਛੋਟ ਨਹੀਂ, ਵਾਧੂ ਸਮਾਂ ਮੰਗਿਆ ਸੀ
ਉਨ੍ਹਾਂ ਦਾਅਵਾ ਕੀਤਾ, ‘‘2018 ’ਚ ਬਜਰੰਗ ਨੇ ਮੈਨੂੰ ਕਿਹਾ ਸੀ ਕਿ ‘ਮੈਨੂੰ ਰਾਸ਼ਟਰਮੰਡਲ ਖੇਡਾਂ ’ਚ ਜਾਣ ਦਿਓ ਅਤੇ ਤੁਸੀਂ ਏਸ਼ੀਆਈ ਖੇਡਾਂ ’ਚ ਚਲੇ ਜਾਓ’। ਪਰ ਮੈਂ ਉਸ ਨੂੰ ਕਿਹਾ ਸੀ ਕਿ ਮੈਂ ਟਰਾਇਲ ਖੇਡ ਕੇ ਜਾਵਾਂਗਾ। ਉਸ ਤੋਂ ਬਾਅਦ ਉਹ ਮੇਰੇ ਤੋਂ ਨਾਰਾਜ਼ ਹੋ ਗਿਆ ਅਤੇ ਅਸੀਂ ਇਕ-ਦੂਜੇ ਨਾਲ ਗੱਲ ਕਰਨਾ ਬੰਦ ਕਰ ਦਿਤਾ।’’ ਯੋਗੇਸ਼ਵਰ ਨੇ 2018 ’ਚ ਕੁਸ਼ਤੀ ਛੱਡ ਦਿਤੀ ਸੀ।
ਬਜਰੰਗ ਨੇ ਦਾਅਵਾ ਕੀਤਾ ਸੀ ਕਿ ਯੋਗੇਸ਼ਵਰ ਨੇ ਇਟਲੀ ’ਚ ਇਕ ਫ਼ਾਈਨਲ ਮੈਚ ’ਚ ਉਨ੍ਹਾਂ ਨੂੰ ਹਾਰਨ ਲਈ ਕਿਹਾ ਸੀ। ਹਾਲਾਂਕਿ ਯੋਗੇਸ਼ਵਰ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਖ਼ਾਰਜ ਕਰ ਦਿਤਾ। ਉਨ੍ਹਾਂ ਕਿਹਾ, ‘‘ਸਾਡੇ ਧਰਮ ’ਚ ‘ਗਊ ਮਾਤਾ’ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਮੈਂ ਗਊ ਮਾਤਾ ਦੀ ਸਹੁੰ ਖਾ ਕੇ ਕਹਿ ਸਕਦਾ ਹਾਂ ਕਿ ਮੈਂ ਕਦੀ ਵੀ ਬਜਰੰਗ ਨੂੰ ਮੈਚ ਹਾਰਨ ਲਈ ਨਹੀਂ ਕਿਹਾ।’’ ਯੋਗੇਸ਼ਵਰ ਨੇ ਸ਼ੁਕਰਵਾਰ ਨੂੰ ਭਾਰਤੀ ਓਲੰਪਿਕ ਫ਼ੈਡਰੇਸ਼ਨ ਵਲੋਂ ਨਿਯੁਕਤ ਐਡ-ਹਾਕ ਪੈਨਲ ਦੇ ਉਸ ਫੈਸਲੇ ’ਤੇ ਸਵਾਲ ਕੀਤਾ ਸੀ ਜਿਸ ’ਚ ਇਨ੍ਹਾਂ ਭਲਵਾਨਾਂ ਨੂੰ ਸਿਰਫ਼ ਇਕ ਮੁਕਾਬਲਾ ਟਰਾਇਲ ’ਚ ਹਿੱਸਾ ਲੈਣਾ ਸੀ।