
ਉਲੰਪਿਕ ਖੇਡਾਂ ਦੇ ਇਤਿਹਾਸ ਵਿਚ ਕਈ ਭਾਰਤੀ ਖਿਡਾਰੀ ਅਜਿਹੇ ਹਨ ਜਿਹੜੇ ਤਮਗ਼ੇ ਦੀ ਦੌੜ ਵਿਚ ਆਖ਼ਰੀ ਡੰਡੇ ਤੋਂ ਵਾਪਸ ਮੁੜਦੇ ਹੋਏ ਤਮਗ਼ੇ ਤੋਂ ਵਾਂਝੇ ਰਹਿ ਗਏ।
ਉਲੰਪਿਕ ਖੇਡਾਂ ਦੇ ਇਤਿਹਾਸ ਵਿਚ ਕਈ ਭਾਰਤੀ ਖਿਡਾਰੀ ਅਜਿਹੇ ਹਨ ਜਿਹੜੇ ਤਮਗ਼ੇ ਦੀ ਦੌੜ ਵਿਚ ਆਖ਼ਰੀ ਡੰਡੇ ਤੋਂ ਵਾਪਸ ਮੁੜਦੇ ਹੋਏ ਤਮਗ਼ੇ ਤੋਂ ਵਾਂਝੇ ਰਹਿ ਗਏ।
ਅਜਿਹੇ ਖਿਡਾਰੀਆਂ ਵਿਚ ਮਿਲਖਾ ਸਿੰਘ, ਗੁਰਬਚਨ ਸਿੰਘ ਰੰਧਾਵਾ, ਪੀ.ਟੀ.ਊਸ਼ਾ, ਗੁਰਚਰਨ ਸਿੰਘ, ਅੰਜੂ ਬੌਬੀ ਜਾਰਜ, ਅਖਿਲ ਕੁਮਾਰ, ਜਿਤੇਂਦਰ, ਮਹੇਸ਼ ਭੂਪਤੀ, ਜੁਆਏਦੀਪ, ਦਵੇਂਦਰੋ ਸਿੰਘ, ਵਿਕਾਸ ਕ੍ਰਿਸ਼ਨਨ ਯਾਦਵ, ਸਾਨੀਆ ਮਿਰਜ਼ਾ, ਰੋਹਨ ਬੋਪੰਨਾ, ਅਦਿਤੀ ਅਸ਼ੋਕ, ਦੀਪਕ ਪੂਨੀਆ ਦੇ ਨਾਂ ਪ੍ਰਮੁੱਖ ਹਨ। ਟੀਮ ਖੇਡਾਂ ਵਿਚ ਮਹਿਲਾ ਹਾਕੀ ਟੀਮ ਸ਼ਾਮਲ ਹੈ।
ਇਨ੍ਹਾਂ ਖਿਡਾਰੀਆਂ ਲਈ ਤਾਂ ਸ਼ਾਹ ਮੁਹੰਮਦ ਦੇ ਜੰਗਨਾਮੇ ਦੀਆਂ ਇਹੋ ਸਤਰਾਂ ਢੁੱਕਦੀਆਂ ਹਨ, ‘ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ...।’ ਇਸ ਤੋਂ ਇਲਾਵਾ ਅਭਿਨਵ ਬਿੰਦਰਾ, ਲੀਏਂਡਰ ਪੇਸ, ਸਾਇਨਾ ਨੇਹਵਾਲ ਤੇ ਵਿਜੇਂਦਰ ਸਿੰਘ ਅਜਿਹੇ ਖਿਡਾਰੀ ਹਨ ਜਿਹੜੇ ਇਕ ਵਾਰ ਤਾਂ ਤਮਗ਼ਾ ਜਿੱਤਣ ਵਿਚ ਸਫ਼ਲ ਹੋਏ ਪਰ ਇਕ-ਇਕ ਹੋਰ ਤਮਗ਼ਾ ਜਿੱਤਣ ਤੋਂ ਆਖ਼ਰੀ ਮੌਕੇ ਖੁੰਝੇ ਹੋਏ ਹਨ।
1960 ਦੀਆਂ ਰੋਮ ਉਲੰਪਿਕ ਖੇਡਾਂ ’ਚ ਮਿਲਖਾ ਸਿੰਘ ਨੇ 400 ਮੀਟਰ ਦੌੜ ਦਾ ਫ਼ਾਈਨਲ ਦੌੜਦਿਆਂ 45.6 ਸਕਿੰਟਾਂ ’ਚ ਦੌੜ ਪੂਰੀ ਕਰਦਿਆਂ ਵਿਸ਼ਵ ਰਿਕਾਰਡ ਜ਼ਰੂਰ ਤੋੜਿਆ ਪਰ ਮਿਲਖਾ ਸਿੰਘ ਚੌਥੇ ਸਥਾਨ ’ਤੇ ਰਹਿਣ ਕਰ ਕੇ ਤਮਗ਼ੇ ਤੋਂ ਵਾਂਝਾ ਰਹਿ ਗਿਆ।
1964 ਦੀਆਂ ਟੋਕੀਉ ਉਲੰਪਿਕ ਖੇਡਾਂ ਦੌਰਾਨ 110 ਮੀਟਰ ਹਰਲਡਜ਼ ਦੌੜ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਨੰਗਲੀ ਦਾ ਵਸਨੀਕ ਗੁਰਬਚਨ ਸਿੰਘ ਰੰਧਾਵਾ ਵਾਵਰੋਲੇ ਵਾਂਗ ਵਗਿਆ ਅਤੇ 14 ਸਕਿੰਟ ਦੀ ਇਤਿਹਾਸਕ ਦੌੜ ਨਾਲ ਨਵਾਂ ਰਾਸ਼ਟਰੀ ਰਿਕਾਰਡ ਵੀ ਬਣਾਇਆ ਪਰ ਉਹ ਪੰਜਵੇਂ ਸਥਾਨ ’ਤੇ ਰਹਿਣ ਕਰ ਕੇ ਤਮਗ਼ੇ ਤੋਂ ਵਾਂਝਾ ਰਹਿ ਗਿਆ।
ਕੇਰਲਾ ਐਕਸਪ੍ਰੈੱਸ ਵਜੋਂ ਮਸ਼ਹੂਰ ਉਡਣ ਪਰੀ ਪੀ.ਟੀ. ਊਸ਼ਾ ਨੇ 1984 ਦੀਆਂ ਲਾਸ ਏਂਜਲਸ ਉਲੰਪਿਕ ਖੇਡਾਂ ’ਚ 400 ਮੀਟਰ ਦੌੜ ਦੇ ਫ਼ਾਈਨਲ ’ਚ ਪੂਰੀ ਵਾਹ ਲਾਈ ਪਰ ਚੌਥੇ ਨੰਬਰ ’ਤੇ ਰਹਿਣ ਕਰ ਕੇ ਐਨ ਆਖ਼ਰੀ ਪੜਾਅ ’ਤੇ ਉਸ ਕੋਲੋਂ ਤਮਗ਼ਾ ਖੁੱਸ ਗਿਆ।
ਇਕ ਹੋਰ ਅਥਲੀਟ ਅੰਜੂ ਬੌਬੀ ਜਾਰਜ ਨੇ 2004 ਦੀਆਂ ਏਥਨਜ਼ ਉਲੰਪਿਕ ਖੇਡਾਂ ਵਿਚ 6.83 ਮੀਟਰ ਦੀ ਲੰਬੀ ਛਾਲ ਲਗਾ ਕੇ ਨਵਾਂ ਕੌਮੀ ਰਿਕਾਰਡ ਤਾਂ ਬਣਾ ਦਿਤਾ ਪਰ ਉਹ ਪੰਜਵੇਂ ਸਥਾਨ ’ਤੇ ਰਹਿਣ ਕਾਰਨ ਤਮਗ਼ਾ ਕਾਰਨ ਤੋਂ ਵਾਂਝੀ ਰਹਿ ਗਈ।
2000 ’ਚ ਸਿਡਨੀ ਉਲੰਪਿਕਸ ਵਿਚ ਅਪਣੇ ਦਮਖਮ ਨਾਲ ਕੁਆਰਟਰ ਫ਼ਾਈਨਲ ਤਕ ਪੁੱਜੇ ਮੁੱਕੇਬਾਜ਼ ਗੁਰਚਰਨ ਸਿੰਘ ਨੇ ਜਬਰਦਸਤ ਮੁਕਾਬਲਾ ਦਿਤਾ।
ਸਕੋਰ 12-12 ਨਾਲ ਟਾਈ ਹੋ ਗਿਆ। ਇਸ ਸੂਰਤ ’ਚ ਬੈਂਚ ਉਪਰ ਬੈਠੇ ਅੰਪਾਇਰਾਂ ਵਲੋਂ ਦਿਤੇ ਨਿਜੀ ਅੰਕਾਂ ਨਾਲ ਗੁਰਚਰਨ ਦੀ ਹਾਰ ਹੋਈ। 2004 ਦੀਆਂ ਏਥਨਜ਼ ਓਲੰਪਿਕ ਖੇਡਾਂ ਵਿਚ ਭਾਰਤੀ ਮਹਿਲਾ ਰਿਲੇਅ ਟੀਮ 4 ਗੁਣਾਂ 400 ਮੀਟਰ ਫ਼ਾਈਨਲ ਵਿਚ ਪੁੱਜਣ ਵਿਚ ਸਫਲ ਰਹੀ ਪਰ ਅੱਗੇ ਉਹ ਸਫ਼ਲ ਨਾ ਹੋ ਸਕੀ।
2008 ਵਿਚ ਬੀਜਿੰਗ ਵਿਖੇ ਦੋ ਭਾਰਤੀ ਮੁੱਕੇਬਾਜ਼ ਅਖਿਲ ਕੁਮਾਰ ਤੇ ਜਿਤੇਂਦਰ ਕੁਮਾਰ ਚੰਗੀ ਫ਼ਾਰਮ ਵਿਚ ਹੋਣ ਦੇ ਬਾਵਜੂਦ ਕੁਆਰਟਰ ਫ਼ਾਈਨਲ ਵਿਚ ਹਾਰਨ ਕਰ ਕੇ ਤਮਗ਼ਾ ਹਾਸਲ ਕਰਨ ਵਿੱਚ ਨਾਕਾਮ ਰਹਿ ਗਏ।
2012 ਦੀਆਂ ਲੰਡਨ ਉਲੰਪਿਕਸ ਵਿਚ ਦਵੇਂਦਰੋ ਸਿੰਘ ਤੇ 2016 ਵਿਚ ਰੀਓ ਵਿਖੇ ਵਿਕਾਸ ਕ੍ਰਿਸ਼ਨਨ ਯਾਦਵ ਕੁਆਰਟਰ ਫ਼ਾਈਨਲ ਵਿਚ ਹਾਰ ਗਏ।
ਨਿਸ਼ਾਨੇਬਾਜ਼ ਜੁਆਏਦੀਪ ਕਰਮਾਕਰ 2012 ਵਿਚ ਲੰਡਨ ਵਿਖੇ 50 ਮੀਟਰ ਰਾਈਫ਼ਲ ਪਰੋਨ ਮੁਕਾਬਲੇ ਵਿਚ ਚੌਥੇ ਸਥਾਨ ’ਤੇ ਰਹਿ ਗਿਆ।
ਟੈਨਿਸ ਵਿਚ ਲਿਏਂਡਰ ਪੇਸ ਤੇ ਮਹੇਸ਼ ਭੂਪਤੀ ਦੀ ਜੋੜੀ ਨੇ 2004 ਦੀਆਂ ਏਥਨਜ਼ ਉਲੰਪਿਕ ਖੇਡਾਂ ਦੇ ਸੈਮੀਫ਼ਾਈਨਲ ਤਕ ਸਫਰ ਤੈਅ ਕੀਤਾ ਅਤੇ ਕਾਂਸੀ ਦੇ ਤਮਗ਼ੇ ਵਾਲੇ ਮੈਚ ਵਿਚ ਪਹਿਲਾ ਸੈਟ 7-6 ਨਾਲ ਜਿੱਤਣ ਤੋਂ ਬਾਅਦ ਦੂਜਾ ਸੈਟ 4-6 ਨਾਲ ਹਾਰ ਗਈ ਅਤੇ ਆਖ਼ਰੀ ਸੱੈਟ ਵਿਚ ਫਸਵੇਂ ਮੁਕਾਬਲੇ ਵਿਚ ਉਹ 14-16 ਨਾਲ ਹਾਰ ਗਈ।
ਇਸੇ ਤਰ੍ਹਾਂ 2016 ਵਿਚ ਰੀਉ ਵਿਖੇ ਟੈਨਿਸ ਦੇ ਮਿਕਸਡ ਡਬਲਜ਼ ਵਿਚ ਸਾਨੀਆ ਮਿਰਜ਼ਾ ਤੇ ਰੋਹਨ ਬੋਪੰਨਾ ਦੀ ਜੋੜੀ ਕਾਂਸੀ ਦੇ ਤਮਗ਼ੇ ਦਾ ਮੈਚ ਹਾਰ ਗਈ।
ਪਿਛਲੀ ਵਾਰ 2021 ਵਿਚ ਟੋਕੀਉ ਵਿਖੇ ਹੋਈਆਂ ਉਲੰਪਿਕ ਖੇਡਾਂ ਵਿਚ ਕਈ ਅਜਿਹੇ ਮੌਕੇ ਆਏ ਜਦੋਂ ਕੱੁਝ ਭਾਰਤੀ ਖਿਡਾਰੀ ਐਨ ਆਖ਼ਰੀ ਮੌਕੇ ਤਮਗ਼ੇ ਤੋਂ ਖੁੰਝ ਗਏ। ਮੁੱਕੇਬਾਜ਼ ਸਤੀਸ਼ ਕੁਮਾਰ ਨੇ ਸੁਪਰਹੈਵੀਵੇਟ ਵਰਗ ਦੇ ਪ੍ਰੀ ਕੁਆਰਟਰ ਫ਼ਾਈਨਲ ਵਿੱਚ ਜਮਾਇਕਾ ਦੇ ਬਰਾਊਨ ਨੂੰ 4-1 ਨਾਲ ਹਰਾਇਆ ਪਰ ਉਸ ਦੇ ਸੱਟ ਲੱਗ ਜਾਣ ਕਾਰਨ ਟਾਂਕੇ ਲਗਾਉਣੇ ਪਏ।
ਟੋਕੀਉ ਵਿਖੇ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ ਵਿਚ ਕੁਆਲੀਫ਼ਿਕੇਸ਼ਨ ਰਾਊਂਡ ਵਿਚ ਪਹਿਲੇ ਸਥਾਨ ਨਾਲ ਫ਼ਾਈਨਲ ਵਿਚ ਦਾਖ਼ਲਾ ਪਾਇਆ ਅਤੇ ਇਕ ਹੋਰ 19 ਵਰਿ੍ਹਆਂ ਦੀ ਹੀ ਮਨੂ ਭਾਕਰ ਨੇ ਨਵੇਂ ਓਲੰਪਿਕ ਰਿਕਾਰਡ ਨਾਲ ਪਹਿਲੇ ਸਥਾਨ ਉਤੇ ਫ਼ਾਈਨਲ ਵਿਚ ਦਾਖਲਾ ਪਾਇਆ ਪਰ ਦੋਵੇਂ ਨਿਸ਼ਾਨੇਬਾਜ਼ ਫ਼ਾਈਨਲ ਵਿਚ ਸੱਤਵੇਂ ਸਥਾਨ ਉਤੇ ਰਹਿ ਗਏ।
ਪੰਜਾਬ ਦੀ ਅਥਲੀਟ ਕਮਲਪ੍ਰੀਤ ਕੌਰ ਡਿਸਕਸ ਥਰੋਅ ਦੇ ਫ਼ਾਈਨਲ ਵਿਚ ਛੇਵੇਂ ਸਥਾਨ ਉਤੇ ਰਹਿ ਗਈ। ਭਾਰਤੀ ਮਹਿਲਾ ਹਾਕੀ ਟੀਮ ਨੇ ਸੈਮੀ ਫ਼ਾਈਨਲ ਵਿਚ ਪਹੁੰਚ ਕੇ ਇਤਿਹਾਸ ਸਿਰਜਿਆ ਪਰ ਉਹ ਕਾਂਸੀ ਦੇ ਤਮਗ਼ੇ ਵਾਲੇ ਮੈਚ ਵਿਚ ਬਰਤਾਨੀਆ ਹੱਥੋਂ 3-4 ਨਾਲ ਹਾਰ ਕੇ ਅਪਣਾ ਪਹਿਲਾ ਉਲੰਪਿਕਸ ਤਮਗ਼ਾ ਜਿੱਤਣ ਤੋਂ ਖੁੰਝ ਗਈ। ਕੁਸ਼ਤੀ ਵਿਚ ਦੀਪਕ ਪੂਨੀਆ ਸੈਮੀ ਫ਼ਾਈਨਲ ਹਾਰ ਗਿਆ ਅਤੇ ਫੇਰ ਕਾਂਸੀ ਦੇ ਤਮਗ਼ੇ ਵਾਲੇ ਮੈਚ ਵਿਚ ਹਾਰਨ ਕਰ ਕੇ ਤਮਗ਼ੇ ਤੋਂ ਇਕ ਕਦਮ ਪਿਛੇ ਰਹਿ ਗਿਆ। ਗੌਲਫ ਵਿਚ ਅਦਿਤੀ ਅਸ਼ੋਕ ਇਤਿਹਾਸ ਸਿਰਜਣ ਤੋਂ ਵਾਂਝੀ ਰਹਿ ਗਈ। ਸ਼ੁਰੂਆਤ ਵਿਚ ਲੀਡ ਲੈਣ ਤੋਂ ਬਾਅਦ ਅਦਿਤੀ ਆਖ਼ਰ ਤਮਗ਼ੇ ਤੋਂ ਇਕ ਕਦਮ ਦੂਰ ਚੌਥੇ ਸਥਾਨ ਉਤੇ ਰਹਿ ਗਈ।
ਨਵਦੀਪ ਸਿੰਘ ਗਿੱਲ
ਮੋਬਾਈਲ : 97800-36216