
ਜਨਵਰੀ 'ਚ ਹਰਿੰਦਰ ਸਿੰਘ ਦੀ ਬਰਖਾਸਤਗੀ ਤੋਂ ਬਾਅਦ ਭਾਰਤੀ ਪੁਰਸ਼ ਟੀਮ ਦਾ ਕੋਈ ਕੋਚ ਨਹੀਂ
ਨਵੀਂ ਦਿੱਲੀ : ਆਸਟਰੇਲੀਆ ਦੇ ਗ੍ਰਾਹਮ ਰੀਡ ਦਾ ਵਿਸ਼ਵ ਕੱਪ 2022 ਤਕ ਭਾਰਤੀ ਪੁਰਸ਼ ਹਾਕੀ ਟੀਮ ਦਾ ਮੁੱਖ ਕੋਚ ਬਣਨਾ ਤੈਅ ਹੈ। ਰਾਸ਼ਟਰੀ ਮਹਾਸੰਘ ਅਤੇ ਭਾਰਤੀ ਖੇਡ ਅਥਾਰਿਟੀ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਖਾਲੀ ਪਏ ਇਸ ਅਹੁਦੇ ਨੂੰ ਭਰਨ ਲਈ ਮਨਜ਼ੂਰੀ ਦੇ ਦਿਤੀ ਹੈ। ਹਾਕੀ ਇੰਡੀਆ ਅਤੇ ਸਾਈ ਅਧਿਕਾਰੀਆ ਵਿਚਕਾਰ ਮੰਗਲਵਾਰ ਨੂੰ ਹੋਈ ਮੀਟਿੰਗ ਵਿਚ ਰੀਡ ਨੂੰ ਕੋਚ ਬਣਾਉਣ ਦਾ ਫ਼ੈਸਲਾ ਕੀਤਾ ਗਿਆ।
ਉਨ੍ਹਾਂ ਨੂੰ ਆਸਟਰੇਲੀਆ ਦੇ ਸਾਬਕਾ ਓਲੰਪੀਅਨ ਜੈ ਸਟੇਸੀ ਸਮੇਤ ਕਈ ਹੋਰ ਦਾਅਵੇਦਾਰਾਂ 'ਤੇ ਤਰਜੀਹ ਦਿਤੀ ਹੈ। ਰੀਡ ਦਾ ਨਾਂ ਆਖਰੀ ਮਨਜ਼ੂਰੀ ਲਈ ਖੇਡ ਮੰਤਰਾਲੇ ਕੋਲ ਭੇਜਿਆ ਗਿਆ ਹੈ ਅਤੇ ਮੰਤਰਾਲੇ ਦੇ ਸੂਤਰਾਂ ਮੁਤਾਬਕ ਇਸ ਹਫ਼ਤੇ 'ਚ ਅਧਿਕਾਰਤ ਐਲਾਨ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਰੀਡ ਦਾ ਕਰਾਰ 2022 ਤਕ ਹੋ ਸਕਦਾ ਹੈ ਪਰ ਪਹਿਲਾਂ ਦੀ ਤਰ੍ਹਾਂ ਐੱਨ.ਐੱਸ.ਐੱਫ. ਹਰੇਕ ਟੂਰਨਾਮੈਂਟ ਦੇ ਬਾਅਦ ਉਨ੍ਹਾਂ ਦੇ ਪ੍ਰਦਰਸ਼ਨ ਦੀ ਸਮੀਖਿਆ ਕਰੇਗਾ।'' ਪਿਛਲੇ ਸਾਲ ਭੁਵਨੇਸ਼ਵਰ 'ਚ ਵਿਸ਼ਵ ਕੱਪ 'ਚ ਟੀਮ ਦੇ ਕੁਆਰਟਰ ਫਾਈਨਲ 'ਚ ਬਾਹਰ ਹੋਣ 'ਤੇ ਜਨਵਰੀ 'ਚ ਹਰਿੰਦਰ ਸਿੰਘ ਦੀ ਬਰਖਾਸਤਗੀ ਦੇ ਬਾਅਦ ਭਾਰਤੀ ਪੁਰਸ਼ ਟੀਮ ਦੇ ਨਾਲ ਕੋਈ ਕੋਚ ਨਹੀਂ ਹੈ। ਰੀਡ ਨੇ ਅਪਣੇ ਕਰੀਅਰ 'ਚ 130 ਕੌਮਾਂਤਰੀ ਮੈਚ ਖੇਡੇ।
ਉਹ 1992 ਬਾਰਸੀਲੋਨਾ ਓਲੰਪਿਕ 'ਚ ਚਾਂਦੀ ਤਮਗਾ ਜਿੱਤਣ ਵਾਲੀ ਆਸਟਰੇਲੀਆਈ ਟੀਮ ਦਾ ਹਿੱਸਾ ਸਨ। ਦਿੱਗਜ ਰਿਕ ਚਾਰਲਸਵਰਥ ਦੇ ਚੇਲੇ ਰਹੇ ਰੀਡ ਪੰਜ ਸਾਲਾਂ ਤਕ ਆਸਟਰੇਲੀਆਈ ਟੀਮ 'ਚ ਉਨ੍ਹਾਂ ਦੇ ਸਹਾਇਕ ਰਹੇ ਅਤੇ 2014 'ਚ ਮੁੱਖ ਕੋਚ ਬਣੇ ਸਨ। ਉਹ ਸਾਲ 2016 'ਚ ਰੀਓ ਓਲਪਿਕ 'ਚ ਆਸਟਰੇਲੀਆ ਦੇ ਕੋਚ ਸਨ ਪਰ ਟੀਮ ਦੇ ਤਮਗਾ ਨਹੀਂ ਜਿੱਤ ਪਾਉਣ ਕਾਰਨ ਉਨ੍ਹਾਂ ਨੇ ਅਸਤੀਫ਼ਾ ਦੇ ਦਿਤਾ ਸੀ। ਉਹ 2017 ਵਿਚ ਅਪਣੇ ਸਾਬਕਾ ਕਲੱਬ ਏਮਸਟਰਡਮ ਦੇ ਮੁੱਖ ਕੋਚ ਅਤੇ ਨੀਦਰਲੈਂਡ ਟੀਮ ਦੇ ਸਹਾਇਕ ਕੋਚ ਬਣੇ ਸੀ। ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਇਸ ਹਫ਼ਤੇ ਰੀਡ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦੇਣਗੇ। (ਪੀਟੀਆਈ)