
ਪਾਕਿਸਤਾਨੀ ਕ੍ਰਿਕਟ ਟੀਮ ਹਮੇਸ਼ਾ ਤੋਂ ਹੀ ਤੇਜ ਗੇਂਦਬਾਜ਼ਾਂ ਦਾ ਗੜ੍ਹ ਮੰਨੀ ਜਾਂਦੀ ਰਹੀ ਹੈ। 90 ਅਤੇ ਸ਼ੁਰੂਆਤੀ 2000 ਦੇ ਦਹਾਕੇ 'ਚ ਜਿੱਥੇ ਵਸੀਮ ਅਕਰਮ, ਵੱਕਾਰ ਯੂਨਿਸ...
ਨਵੀਂ ਦਿੱਲੀ : ਪਾਕਿਸਤਾਨੀ ਕ੍ਰਿਕਟ ਟੀਮ ਹਮੇਸ਼ਾ ਤੋਂ ਹੀ ਤੇਜ ਗੇਂਦਬਾਜ਼ਾਂ ਦਾ ਗੜ੍ਹ ਮੰਨੀ ਜਾਂਦੀ ਰਹੀ ਹੈ। 90 ਅਤੇ ਸ਼ੁਰੂਆਤੀ 2000 ਦੇ ਦਹਾਕੇ 'ਚ ਜਿੱਥੇ ਵਸੀਮ ਅਕਰਮ, ਵੱਕਾਰ ਯੂਨਿਸ ਅਤੇ ਸ਼ੋਏਬ ਅਖ਼ਤਰ ਦੀ ਤੂਤੀ ਬੋਲੀ ਸੀ ਤਾਂ ਪਿਛਲੇ ਕੁਝ ਸਾਲਾਂ 'ਚ ਮੁਹੰਮਦ ਆਮਿਰ ਅਤੇ ਹਸਨ ਅਲੀ ਨੇ ਜਮ ਕੇ ਕਹਿਰ ਵਰ੍ਹਾਇਆ। ਹੁਣ ਪਾਕਿਸਤਾਨ ਟੀਮ 'ਚ ਇਕ ਹੋਰ ਖ਼ਤਰਨਾਕ ਗੇਂਦਬਾਜ਼ ਸ਼ਾਮਲ ਹੋ ਗਿਆ ਹੈ।
Mohammad Abbas pakistan
ਇਸ ਗੇਂਦਬਾਜ਼ ਦਾ ਨਾਮ ਮੁਹੰਮਦ ਅੱਬਸਾ ਹੈ। 28 ਸਾਲ ਦੇ ਅੱਬਾਸ ਨੇ ਸਾਲ 2017 'ਚ ਵੈਸਟਇੰਡੀਜ਼ ਵਿਰੁਧ ਅਪਣਾ ਟੈਸਟ ਡੈਬਿਊ ਖੇਡਿਆ ਸੀ। ਪਹਿਲੇ ਮੈਚ ਤੋਂ ਬਾਅਦ ਹੀ ਉਹ ਕਹਿਰ ਢਾਹ ਰਿਹਾ ਹੈ। ਅੱਬਾਸ ਦੀ ਖ਼ਾਸ ਗੱਲ ਇਹ ਹੈ ਕਿ ਉਹ ਗੇਂਦ ਨੂੰ ਸਵਿੰਗ ਕਰਨਾ ਬਾਖ਼ੂਬੀ ਜਾਣਦਾ ਹੈ ਅਤੇ ਇਸ ਦੇ ਹੀ ਸਹਾਰੇ ਉਹ ਇੰਗਲੈਂਡ ਅਤੇ ਆਇਰਲੈਂਡ 'ਚ ਬੱਲੇਬਾਜ਼ਾਂ ਨੂੰ ਨਚਾਉਣ 'ਚ ਕਾਮਯਾਬ ਹੋ ਰਿਹਾ ਹੈ।
Pakistan bowler Mohammad Abbas
ਅੱਬਾਸ ਮੌਜੂਦਾ ਸਮੇਂ 'ਚ ਇੰਗਲੈਂਡ ਵਿਰੁਧ ਲਾਰਡਸ ਟੈਸਟ ਖੇਡਣ 'ਚ ਰੁਝਿਆ ਹੋਇਆ ਹੈ। ਉਸ ਨੇ ਇਸ ਮੈਚ ਦੀ ਪਹਿਲੀ ਪਾਰੀ 'ਚ ਧਾਰਦਾਰ ਗੇਂਦਬਾਜ਼ੀ ਕੀਤੀ ਅਤੇ 14 ਓਵਰਾਂ 'ਚ 7 ਮੇਡਨ ਓਵਰ ਸੁੱਟੇ ਅਤੇ ਸਿਰਫ਼ 23 ਦੌੜਾਂ ਦੇ ਕੇ 4 ਵਿਕਟਾਂ ਝਟਕੀਆਂ। ਅੱਬਾਸ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਹੀ ਇੰਗਲੈਂਡ ਪਹਿਲੀ ਪਾਰੀ 'ਚ 184 ਦੌੜਾਂ 'ਤੇ ਸਿਮਟ ਗਈ ਅਤੇ ਆਲਮ ਇਹ ਹੈ ਕਿ ਪਾਕਿਸਤਾਨ ਨੇ ਮੈਚ 'ਚ ਅਪਣੀ ਪਕੜ ਮਜਬੂਤ ਕਰ ਲਈ ਹੈ। ਬੱਲੇਬਾਜ਼ਾਂ ਲਈ ਅੱਬਾਸ ਦੀਆਂ ਗੇਂਦਾਂ 'ਤੇ ਦੌੜਾਂ ਬਣਾਉਣਾ ਕਦੇ ਵੀ ਆਸਾਨ ਨਹੀਂ ਰਿਹਾ।
Mohammad Abbas bowler
ਉਹ ਹੁਣ ਤਕ 7 ਟੈਸਟ ਮੈਚ ਖੇਡ ਚੁਕਾ ਹੈ। ਇਸ ਦੌਰਾਨ ਉਸ ਨੇ 68 ਮੇਡਨ ਓਵਰ ਸੁਟੇ ਹਨ। ਨਾਲ ਹੀ ਉਹ 36 ਵਿਕਟਾਂ ਵੀ ਅਪਣੇ ਨਾਮ ਕਰ ਚੁਕਾ ਹੈ। ਅਕਸਰ ਇਹ ਦੇਖਿਆ ਜਾਂਦਾ ਹੈ ਕਿ ਭਾਰਤੀ ਉਪ-ਮਹਾਂਦੀਪ ਦੇ ਗੇਂਦਬਾਜ਼ ਬਾਹਰੀ ਮਹਾਂਦੀਪਾਂ 'ਚ ਜਾ ਕੇ ਓਨਾ ਅਸਰ ਨਹੀਂ ਪਾਉਂਦੇ ਪਰ ਅੱਬਾਸ ਇੰਗਲੈਂਡ ਅਤੇ ਆਇਰਲੈਂਡ 'ਚ ਵੀ ਕਹਿਰ ਢਾਹ ਰਿਹਾ ਹੈ। ਪਿਛਲੇ ਦਿਨੀਂ ਆਇਰਲੈਂਡ 'ਚ ਖੇਡੇ ਗਏ ਇਕਲੌਤੇ ਟੈਸਟ ਮੈਚ 'ਚ ਉਸ ਨੇ 9 ਵਿਕਟਾਂ ਲਈਆਂ ਅਤੇ ਅਪਣੀ ਸ਼ਾਨਦਾਰ ਗੇਂਦਬਾਜ਼ੀ ਦਾ ਨਮੂਨਾ ਪੇਸ਼ ਕੀਤਾ ਸੀ। ਉਸ ਦਾ ਇਕਾਨਮੀ ਸਿਰਫ਼ 2.44 ਹੈ।