
ਪਾਰਥ ਚੈਟਰਜੀ ਦੀ ਗ੍ਰਿਫਤਾਰੀ ਦੇ 5 ਦਿਨ ਬਾਅਦ ਮਮਤਾ ਸਰਕਾਰ ਨੇ ਇਹ ਕਾਰਵਾਈ ਕੀਤੀ ਹੈ।
ਕੋਲਕਾਤਾ: ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਦੇ ਅਧਿਆਪਕ ਭਰਤੀ ਘੁਟਾਲੇ ਵਿਚ ਗ੍ਰਿਫ਼ਤਾਰ ਮੰਤਰੀ ਪਾਰਥ ਚੈਟਰਜੀ ਨੂੰ ਮੰਤਰੀ ਮੰਡਲ ’ਚੋਂ ਬਰਖ਼ਾਸਤ ਕਰ ਦਿੱਤਾ ਹੈ। ਗ੍ਰਿਫਤਾਰੀ ਦੇ 5 ਦਿਨ ਬਾਅਦ ਮਮਤਾ ਸਰਕਾਰ ਨੇ ਇਹ ਕਾਰਵਾਈ ਕੀਤੀ ਹੈ। ਦਰਅਸਲ ਬੁੱਧਵਾਰ ਤੋਂ ਵੀਰਵਾਰ ਤੱਕ ਚੱਲੀ 18 ਘੰਟੇ ਦੀ ਛਾਪੇਮਾਰੀ ਵਿਚ ਈਡੀ ਨੇ ਪਾਰਥ ਦੀ ਕਰੀਬੀ ਅਰਪਿਤਾ ਮੁਖਰਜੀ ਦੇ ਦੂਜੇ ਘਰ ਤੋਂ 27.9 ਕਰੋੜ ਰੁਪਏ ਨਕਦ ਅਤੇ 5 ਕਿਲੋ ਸੋਨਾ ਜ਼ਬਤ ਕੀਤਾ।
ਮੀਡੀਆ ਰਿਪੋਰਟਾਂ ਅਨੁਸਾਰ ਨਕਦੀ ਬਾਰੇ ਈਡੀ ਦੇ ਸਵਾਲ 'ਤੇ ਅਰਪਿਤਾ ਨੇ ਦੱਸਿਆ ਕਿ ਇਹ ਸਾਰੇ ਪੈਸੇ ਪਾਰਥ ਚੈਟਰਜੀ ਦੇ ਹਨ। ਉਸ ਨੇ ਕਿਹਾ, 'ਪਾਰਥ ਪੈਸੇ ਰੱਖਣ ਲਈ ਇਸ ਘਰ ਦੀ ਵਰਤੋਂ ਕਰਦਾ ਸੀ। ਮੈਨੂੰ ਨਹੀਂ ਸੀ ਪਤਾ ਕਿ ਘਰ ਵਿਚ ਇੰਨੀ ਨਕਦੀ ਰੱਖੀ ਹੋਵੇਗੀ’। ਪਾਰਥ ਦੇ ਕਰੀਬੀ ਅਰਪਿਤਾ ਦੇ ਘਰ ਕਰੋੜਾਂ ਰੁਪਏ ਦੇ ਨਕਦੀ-ਗਹਿਣੇ ਮਿਲਣ ਤੋਂ ਬਾਅਦ ਟੀਐਮਸੀ ਵਿਚ ਪਾਰਥ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਉੱਠੀ ਸੀ। ਇਸ ਤੋਂ ਬਾਅਦ ਮਮਤਾ ਬੈਨਰਜੀ ਨੇ ਉਹਨਾਂ ਨੂੰ ਕੈਬਨਿਟ ਤੋਂ ਬਰਖਾਸਤ ਕਰ ਦਿੱਤਾ।
ਪਾਰਥ ਚੈਟਰਜੀ ਮਮਤਾ ਸਰਕਾਰ ਵਿਚ ਸਭ ਤੋਂ ਸੀਨੀਅਰ ਮੰਤਰੀ ਸਨ। ਉਹ ਦੱਖਣੀ 24 ਪਰਗਨਾ ਦੀ ਬੇਹਾਲਾ ਪੱਛਮੀ ਸੀਟ ਤੋਂ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ। ਪਾਰਥਾ ਚੈਟਰਜੀ 2011 ਤੋਂ ਲਗਾਤਾਰ ਮੰਤਰੀ ਸਨ। ਉਹ 2006 ਤੋਂ 2011 ਤੱਕ ਬੰਗਾਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ। ਪਾਰਥ ਨੇ ਇਸ ਸਮੇਂ ਉਦਯੋਗ, ਵਣਜ ਅਤੇ ਸੰਸਦੀ ਮਾਮਲਿਆਂ ਵਰਗੇ ਪ੍ਰਮੁੱਖ ਮੰਤਰਾਲਿਆਂ ਦਾ ਚਾਰਜ ਸੰਭਾਲਿਆ ਸੀ।
Gold and cash recovered from Arpita Mukherjee's second house
ਅਭਿਸ਼ੇਕ ਬੈਨਰਜੀ ਨੇ ਅੱਜ ਸ਼ਾਮ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਬੁਲਾਈ ਹੈ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਜਨਰਲ ਸਕੱਤਰ ਦਾ ਅਹੁਦਾ ਵੀ ਉਹਨਾਂ ਤੋਂ ਖੋਹਿਆ ਜਾ ਸਕਦਾ ਹੈ। ਹੁਣ ਤੱਕ ਅਰਪਿਤਾ ਦੇ ਦੋਵਾਂ ਘਰਾਂ 'ਤੇ 44 ਘੰਟਿਆਂ ਤੱਕ ਛਾਪੇਮਾਰੀ ਕੀਤੀ ਜਾ ਚੁੱਕੀ ਹੈ, ਜਿਸ 'ਚ ਕਰੀਬ 50 ਕਰੋੜ ਦੀ ਨਕਦੀ ਅਤੇ ਵੱਡੀ ਮਾਤਰਾ 'ਚ ਸੋਨਾ ਬਰਾਮਦ ਹੋਇਆ ਹੈ। ਈਡੀ ਨੇ ਅਰਪਿਤਾ ਦੇ ਦੋ ਫਲੈਟਾਂ ਵਿਚੋਂ ਇਕ ਨੂੰ ਸੀਲ ਕਰ ਦਿੱਤਾ ਹੈ।