
ਕਈ ਸਾਲਾਂ ’ਚ ਇਹ ਪਹਿਲੀ ਵਾਰ ਫੁੱਟਬਾਲ ਦੇ ਦੋ ਮਹਾਨ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਅਤੇ ਲਿਓਨਲ ਮੈਸੀ ਸਾਲ ਦੇ ਬਹਿਤਰੀਨ ਖਿਡਾਰੀਆਂ ਦੇ ਦਾਅਵੇਦਾਰਾਂ ’ਚ ਸ਼ਾਮਲ ਨਹੀਂ
ਮਾਨਚੈਸਟਰ: ਵਿਸ਼ਵ ਫੁੱਟਬਾਲ ਦੇ ਸਾਲ ਦੇ ਬਿਹਤਰੀਨ ਖਿਡਾਰੀ ਨੂੰ ਦਿਤਾ ਜਾਣ ਵਾਲਾ ‘ਬੈਲਨ ਡੀ‘ਓਰ’ ਪ੍ਰੋਗਰਾਮ ਸੋਮਵਾਰ ਨੂੰ ਜਦੋਂ ਹੋਵੇਗਾ ਤਾਂ ਕਈ ਸਾਲਾਂ ’ਚ ਇਹ ਪਹਿਲੀ ਵਾਰ ਹੋਵੇਗਾ ਕਿ ਖੇਡ ਦੇ ਦੋ ਮਹਾਨ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਅਤੇ ਲਿਓਨਲ ਮੈਸੀ ਦਾਅਵੇਦਾਰਾਂ ’ਚ ਸ਼ਾਮਲ ਨਹੀਂ ਹੋਣਗੇ।
ਅਰਜਨਟੀਨਾ ਦੇ ਮੇਸੀ ਅਤੇ ਰੋਨਾਲਡੋ ਨੇ ਪਿਛਲੇ 16 ਸਾਲਾਂ ’ਚ 13 ਵਾਰ ਖਿਤਾਬ ਜਿੱਤਿਆ ਹੈ ਪਰ ਇਸ ਵਾਰ ਦੋਹਾਂ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਹੈ। ਮੇਸੀ ਉਨ੍ਹਾਂ ਕੁੱਝ ਖਿਡਾਰੀਆਂ ਵਿਚੋਂ ਇਕ ਹੈ ਜਿਨ੍ਹਾਂ ਨੇ ਲਗਾਤਾਰ ਦੋ ਸਾਲ ਇਹ ਖਿਤਾਬ ਜਿੱਤਿਆ ਹੈ। ਉਸ ਨੇ 2022 ’ਚ ਅਰਜਨਟੀਨਾ ਨੂੰ ਵਿਸ਼ਵ ਚੈਂਪੀਅਨ ਬਣਾਉਣ ਤੋਂ ਬਾਅਦ ਅਪਣੇ ਰੀਕਾਰਡ ’ਚ ਸੁਧਾਰ ਕਰਦਿਆਂ ਅੱਠਵੀਂ ਵਾਰ ਇਹ ਖਿਤਾਬ ਜਿੱਤਿਆ।
ਮੈਸੀ ਤੋਂ ਪਹਿਲਾਂ ਲਗਾਤਾਰ ਦੋ ਪੁਰਸਕਾਰ ਜਿੱਤਣ ਵਾਲਾ ਆਖਰੀ ਖਿਡਾਰੀ ਮਾਰਕੋ ਵੈਨ ਬਾਸਟਨ ਸੀ। ਨੀਦਰਲੈਂਡਜ਼ ਦੇ ਇਸ ਖਿਡਾਰੀ ਨੇ 1988 ਅਤੇ 1989 ’ਚ ਬੈਲਨ ਡੀ‘ਓਰ ਜਿੱਤਿਆ।ਇਸ ਖਿਤਾਬ ’ਤੇ ਮੈਸੀ ਅਤੇ ਰੋਨਾਲਡੋ ਦੇ ਦਬਦਬੇ ਨੂੰ ਇਸ ਤੱਥ ਤੋਂ ਸਮਝਿਆ ਜਾ ਸਕਦਾ ਹੈ ਕਿ ਫਰਾਂਸ ਦੇ ਮਹਾਨ ਜ਼ੈਨੇਦੀਨ ਜ਼ਿਦਾਨ ਸਿਰਫ ਇਕ ਵਾਰ ਇਸ ਦੇ ਜੇਤੂ ਬਣੇ ਸਨ। ਰੋਨਾਲਡੀਨਹੋ, ਰਿਵਾਲਡੋ, ਲੁਈਸ ਫੀਗੋ ਅਤੇ ਜਾਰਜ ਬੈਸਟ ਦਾ ਵੀ ਇਹੋ ਹਾਲ ਹੈ। ਬੈਲਨ ਡੀ‘ਓਰ, ਜੋ ਪਹਿਲਾਂ ਯੂਰਪੀਅਨ ਖਿਡਾਰੀਆਂ ਤਕ ਸੀਮਤ ਸੀ, ਕਦੇ ਵੀ ਪੇਲੇ ਜਾਂ ਡਿਏਗੋ ਮਾਰਾਡੋਨਾ ਨੇ ਨਹੀਂ ਜਿੱਤਿਆ।
ਵਿਨੀਸ਼ੀਅਸ ਜੂਨੀਅਰ ਨੂੰ ਇਸ ਵਾਰ ਖਿਤਾਬ ਦਾ ਸੱਭ ਤੋਂ ਵੱਡਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ।ਮੈਸੀ ਅਤੇ ਰੋਨਾਲਡੋ ਦਾ ਦਬਦਬਾ ਅਜਿਹਾ ਸੀ ਕਿ ਇਹ ਖਿਤਾਬ 1990 ਦੇ ਦਹਾਕੇ ’ਚ ਪੈਦਾ ਹੋਏ ਕਿਸੇ ਵੀ ਖਿਡਾਰੀ ਨੇ ਨਹੀਂ ਜਿੱਤਿਆ ਹੈ। ਵਿਨੀਸ਼ੀਅਸ ਕੋਲ ਇਸ ਸਦੀ ’ਚ ਪੈਦਾ ਹੋਏ ਪਹਿਲੇ ਜੇਤੂ ਬਣਨ ਦਾ ਮੌਕਾ ਹੋਵੇਗਾ।
ਵਿਨੀਸਿਅਸ ਦੇ ਨਾਲ ਰੋਡਰੀ, ਕਿਲਿਅਨ ਐਮਬਾਪੇ, ਏਰਲਿੰਗ ਹਾਲੈਂਡ, ਜੂਡ ਬੇਲਿੰਘਮ ਅਤੇ ਲੈਮਿਨ ਯਾਮਲ ਵੀ ਸ਼ਾਮਲ ਹੋਣਗੇ।‘ਬੋਲੋਨ ਡੀ‘ਓਰ’ 1956 ਤੋਂ ਫ੍ਰੈਂਚ ਫੁੱਟਬਾਲ ਮੈਗਜ਼ੀਨ ਵਲੋਂ ਦਿਤਾ ਜਾਂਦਾ ਹੈ। ਜੇਤੂ ਦੀ ਚੋਣ ਫੀਫਾ ਰੈਂਕਿੰਗ ਵਿਚ ਚੋਟੀ ਦੇ 100 ਦੇਸ਼ਾਂ ਦੇ ਪੱਤਰਕਾਰਾਂ ਦੀ ਵੋਟ ਰਾਹੀਂ ਕੀਤੀ ਜਾਂਦੀ ਹੈ।