
ਆਗਾ ਜ਼ਿੰਬਾਬਵੇ ਵਿਚ ਟੀ-20 ਟੀਮ ਦੀ ਅਗਵਾਈ ਕਰਨਗੇ ਕਿਉਂਕਿ ਰਿਜ਼ਵਾਨ ਨੂੰ ਵਰਕਲੋਡ ਮੈਨੇਜਮੈਂਟ ਯੋਜਨਾ ਦੇ ਤਹਿਤ ਆਰਾਮ ਦਿਤਾ ਗਿਆ
ਲਾਹੌਰ : ਪਾਕਿਸਤਾਨ ਦੇ ਚੋਣਕਾਰਾਂ ਨੇ 4 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਆਸਟਰੇਲੀਆ ਅਤੇ ਜ਼ਿੰਬਾਬਵੇ ਦੌਰੇ ਲਈ ਐਤਵਾਰ ਨੂੰ ਟੀਮ ਦਾ ਐਲਾਨ ਕਰ ਦਿਤਾ, ਜਿਸ ’ਚ ਬਾਬਰ ਆਜ਼ਮ ਦੀ ਥਾਂ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੂੰ ਵਨਡੇ ਅਤੇ ਟੀ-20 ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ।
ਸਲਮਾਨ ਅਲੀ ਆਗਾ ਨੂੰ ਭਵਿੱਖ ਦੇ ਸਾਰੇ ਵਨਡੇ ਅਤੇ ਟੀ-20 ਮੈਚਾਂ ਲਈ ਉਪ ਕਪਤਾਨ ਬਣਾਇਆ ਗਿਆ ਹੈ। ਆਸਟਰੇਲੀਆ ਦੌਰੇ ’ਤੇ ਪਾਕਿਸਤਾਨ ਤਿੰਨ ਵਨਡੇ ਅਤੇ ਇੰਨੇ ਹੀ ਟੀ-20 ਮੈਚ ਖੇਡੇਗਾ, ਜਿਸ ਦੀ ਸ਼ੁਰੂਆਤ 4 ਨਵੰਬਰ ਨੂੰ ਮੈਲਬਰਨ (ਵਨਡੇ) ’ਚ ਪਹਿਲੇ ਮੈਚ ਨਾਲ ਹੋਵੇਗੀ ਅਤੇ ਕਪਤਾਨ ਦੇ ਤੌਰ ’ਤੇ ਰਿਜ਼ਵਾਨ ਦਾ ਇਹ ਪਹਿਲਾ ਦੌਰਾ ਹੋਵੇਗਾ।
ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਇਕ ਬਿਆਨ ਵਿਚ ਕਿਹਾ ਕਿ ਆਗਾ ਜ਼ਿੰਬਾਬਵੇ ਵਿਚ ਟੀ-20 ਟੀਮ ਦੀ ਅਗਵਾਈ ਕਰਨਗੇ ਕਿਉਂਕਿ ਰਿਜ਼ਵਾਨ ਨੂੰ ਵਰਕਲੋਡ ਮੈਨੇਜਮੈਂਟ ਯੋਜਨਾ ਦੇ ਤਹਿਤ ਆਰਾਮ ਦਿਤਾ ਗਿਆ ਹੈ।
ਪਾਕਿਸਤਾਨ ਦਾ ਜ਼ਿੰਬਾਬਵੇ ਦੌਰਾ 24 ਨਵੰਬਰ ਤੋਂ 5 ਦਸੰਬਰ ਤਕ ਹੋਵੇਗਾ ਅਤੇ ਇਸ ਵਿਚ ਤਿੰਨ ਵਨਡੇ ਅਤੇ ਤਿੰਨ ਟੀ-20 ਕੌਮਾਂਤਰੀ ਮੈਚ ਖੇਡੇ ਜਾਣਗੇ। ਬਾਬਰ, ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਅਤੇ ਨਸੀਮ ਸ਼ਾਹ ਦੀ ਇੰਗਲੈਂਡ ਵਿਰੁਧ ਦੋ ਟੈਸਟ ਮੈਚਾਂ ਤੋਂ ਬਾਹਰ ਰਹਿਣ ਤੋਂ ਬਾਅਦ ਆਸਟਰੇਲੀਆ ਦੌਰੇ ਲਈ ਪਾਕਿਸਤਾਨੀ ਟੀਮ ’ਚ ਵਾਪਸੀ ਹੋਈ ਹੈ।
ਪੀ.ਸੀ.ਬੀ. ਨੇ ਪਹਿਲੇ ਦੋ ਵ੍ਹਾਈਟ ਗੇਂਦ ਦੌਰਿਆਂ ਲਈ ਟੀਮਾਂ ਦਾ ਐਲਾਨ ਕੀਤਾ। ਇਸ ਤੋਂ ਬਾਅਦ ਰਿਜ਼ਵਾਨ ਨੂੰ ਆਸਟਰੇਲੀਆ ਵਿਚ ਵਨਡੇ ਅਤੇ ਟੀ-20 ਮੈਚਾਂ ਦੇ ਨਾਲ-ਨਾਲ ਜ਼ਿੰਬਾਬਵੇ ਵਿਚ 50 ਓਵਰਾਂ ਦੇ ਮੁਕਾਬਲੇ ਲਈ ਕਪਤਾਨ ਬਣਾਇਆ ਗਿਆ ਸੀ।
ਕਈ ਨਵੇਂ ਚਿਹਰਿਆਂ ਨੂੰ ਟੀਮ ’ਚ ਜਗ੍ਹਾ ਮਿਲੀ ਹੈ ਜਦਕਿ ਫਖਰ ਜ਼ਮਾਨ ਅਤੇ ਸ਼ਾਦਾਬ ਖਾਨ ਵਰਗੇ ਸੀਨੀਅਰ ਖਿਡਾਰੀ ਟੀਮ ਦਾ ਹਿੱਸਾ ਨਹੀਂ ਹਨ। ਫਖਰ ਨੂੰ ਇੰਗਲੈਂਡ ਵਿਰੁਧ ਟੈਸਟ ਮੈਚ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਬਾਬਰ ਆਜ਼ਮ ਦੇ ਸਮਰਥਨ ’ਚ ਟਵੀਟ ਕਰਨ ਲਈ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੀ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਐਤਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਬਾਬਰ ਆਜ਼ਮ ਕਪਤਾਨ ਨਹੀਂ ਬਣਨਾ ਚਾਹੁੰਦੇ ਸਨ ਅਤੇ ਕਿਸੇ ਨੇ ਵੀ ਉਨ੍ਹਾਂ ਨੂੰ ਕਪਤਾਨੀ ਛੱਡਣ ਲਈ ਮਜਬੂਰ ਨਹੀਂ ਕੀਤਾ।
ਆਸਟਰੇਲੀਆ ਦਾ ਦੌਰਾ 4 ਤੋਂ 18 ਨਵੰਬਰ ਤਕ ਚੱਲੇਗਾ। ਤਿੰਨ ਮੈਚਾਂ ਦੀ ਵਨਡੇ ਅਤੇ ਟੀ-20 ਸੀਰੀਜ਼ 24 ਨਵੰਬਰ ਤੋਂ 5 ਦਸੰਬਰ ਤਕ ਜ਼ਿੰਬਾਬਵੇ ਦੇ ਬੁਲਾਵਾਯੋ ’ਚ ਖੇਡੀ ਜਾਵੇਗੀ।
ਪਾਕਿਸਤਾਨ ਦਸੰਬਰ-ਜਨਵਰੀ ਵਿਚ ਦਖਣੀ ਅਫਰੀਕਾ ਦਾ ਦੌਰਾ ਕਰੇਗਾ, ਜਿੱਥੇ ਉਹ ਤਿੰਨ ਵਨਡੇ, ਤਿੰਨ ਟੀ-20 ਅਤੇ ਦੋ ਟੈਸਟ ਮੈਚ ਖੇਡੇਗਾ।
ਟੀਮਾਂ ਹੇਠ ਲਿਖੇ ਅਨੁਸਾਰ ਹਨ:
ਆਸਟਰੇਲੀਆ ਲਈ ਵਨਡੇ ਟੀਮ: ਮੁਹੰਮਦ ਰਿਜ਼ਵਾਨ (ਕਪਤਾਨ), ਆਮਿਰ ਜਮਾਲ, ਅਬਦੁੱਲਾ ਸ਼ਫੀਕ, ਅਰਾਫਾਤ ਮਿਨਹਾਸ, ਬਾਬਰ ਆਜ਼ਮ, ਫੈਸਲ ਅਕਰਮ, ਹਾਰਿਸ ਰਾਊਫ, ਹਸੀਬੁੱਲਾ (ਵਿਕਟਕੀਪਰ), ਕਾਮਰਾਨ ਗੁਲਾਮ, ਮੁਹੰਮਦ ਹਸਨੈਨ, ਮੁਹੰਮਦ ਇਰਫਾਨ ਖਾਨ, ਨਸੀਮ ਸ਼ਾਹ, ਸੈਮ ਅਯੂਬ, ਸਲਮਾਨ ਅਲੀ ਆਗਾ (ਉਪ ਕਪਤਾਨ), ਸ਼ਾਹੀਨ ਸ਼ਾਹ ਅਫਰੀਦੀ।
ਟੀ-20 ਟੀਮ: ਮੁਹੰਮਦ ਰਿਜ਼ਵਾਨ (ਕਪਤਾਨ), ਅਰਾਫਾਤ ਮਿਨਹਾਸ, ਬਾਬਰ ਆਜ਼ਮ, ਹਾਰਿਸ ਰਾਊਫ, ਹਸੀਬੁੱਲਾ (ਵਿਕਟਕੀਪਰ), ਜਹਾਂਦਾਦ ਖਾਨ, ਮੁਹੰਮਦ ਅੱਬਾਸ ਅਫਰੀਦੀ, ਮੁਹੰਮਦ ਇਰਫਾਨ ਖਾਨ, ਨਸੀਮ ਸ਼ਾਹ, ਉਮਰ ਬਿਨ ਯੂਸਫ, ਸਾਹਿਬਜ਼ਾਦਾ ਫਰਹਾਨ, ਸਲਮਾਨ ਅਲੀ ਆਗਾ (ਉਪ ਕਪਤਾਨ), ਸ਼ਾਹੀਨ ਸ਼ਾਹ ਅਫਰੀਦੀ, ਸੁਫਯਾਨ ਮੋਕੀਮ, ਉਸਮਾਨ ਖਾਨ।
ਜ਼ਿੰਬਾਬਵੇ ਲਈ ਵਨਡੇ ਟੀਮ: ਮੁਹੰਮਦ ਰਿਜ਼ਵਾਨ (ਕਪਤਾਨ), ਆਮਿਰ ਜਮਾਲ, ਅਬਦੁੱਲਾ ਸ਼ਫੀਕ, ਅਬਰਾਰ ਅਹਿਮਦ, ਅਹਿਮਦ ਡੈਨੀਅਲ, ਫੈਸਲ ਅਕਰਮ, ਹਾਰਿਸ ਰਾਊਫ, ਹਸੀਬੁੱਲਾ (ਵਿਕਟਕੀਪਰ), ਕਾਮਰਾਨ ਗੁਲਾਮ, ਮੁਹੰਮਦ ਹਸਨੈਨ, ਮੁਹੰਮਦ ਇਰਫਾਨ ਖਾਨ, ਸੈਮ ਅਯੂਬ, ਸਲਮਾਨ ਅਲੀ ਆਗਾ (ਉਪ ਕਪਤਾਨ), ਸ਼ਾਹਨਵਾਜ਼ ਦਹਾਨੀ, ਤੈਯਬ ਤਾਹਿਰ।
ਟੀ-20 ਟੀਮ: ਸਲਮਾਨ ਅਲੀ ਆਗਾ (ਕਪਤਾਨ), ਅਹਿਮਦ ਡੈਨੀਅਲ, ਅਰਾਫਾਤ ਮਿਨਹਾਸ, ਹਾਰਿਸ ਰਾਊਫ, ਹਸੀਬੁੱਲਾ (ਵਿਕਟਕੀਪਰ), ਜਹਾਂਦਾਦ ਖਾਨ, ਮੁਹੰਮਦ ਅੱਬਾਸ ਅਫਰੀਦੀ, ਮੁਹੰਮਦ ਹਸਨੈਨ, ਮੁਹੰਮਦ ਇਰਫਾਨ ਖਾਨ, ਓਮੇਰ ਬਿਨ ਯੂਸਫ, ਕਾਸਿਮ ਅਕਰਮ, ਸਾਹਿਬਜ਼ਾਦਾ ਫਰਹਾਨ, ਸੁਫਯਾਨ ਮੋਕਿਮ, ਤੈਯਬ ਤਾਹਿਰ, ਉਸਮਾਨ ਖਾਨ।