ਕਿਸਾਨ ਜਥੇਬੰਦੀਆਂ ਨੇ ਅੱਜ ਤਕ ਨਹੀਂ ਲਈ ਸਾਰ
Punjab News: ਜ਼ਖ਼ਮਾਂ ਦੀ ਤਾਬ ਨਾ ਝੱਲ ਸਕਣ ਕਾਰਨ ਡਾਕਟਰਾਂ ਨੂੰ ਕੀਤੀ ਸੀ ਜ਼ਹਿਰ ਦਾ ਟੀਕਾ ਲਗਾਉਣ ਦੀ ਅਪੀਲ
ਪਿੰਡ ਪਹੁੰਚੇ ਕਿਸਾਨ ਆਗੂ ਨੇ ਵੇਖ ਕੇ ਭਜਾ ਲਈ ਸੀ ਅਪਣੀ ਗੱਡੀ: ਭੂਰਾ ਸੈਂਪਲੀ
ਜਦੋਂ ਜਵਾਨ ਪੁੱਤ ਮੰਜੇ ਉਤੇ ਬੈਠਿਆ ਹੋਵੇ ਤਾਂ ਮਾਪਿਆਂ ਨੂੰ ਕੋਈ ਸੁੱਧ-ਬੁੱਧ ਨਹੀਂ ਰਹਿੰਦੀ: ਖਿਡਾਰੀ ਦੇ ਪਿਤਾ
ਚੰਡੀਗੜ੍ਹ: ਕਿਸੇ ਸਮੇਂ ਕਬੱਡੀ ਦੇ ਗਰਾਊਂਡ ਵਿਚ ਧੂੜਾਂ ਪੁੱਟਣ ਵਾਲਾ ਚੋਟੀ ਦਾ ਕਬੱਡੀ ਖਿਡਾਰੀ ਭੂਰਾ ਸੈਂਪਲੀ ਅੱਜ ਵ੍ਹੀਲ ਚੇਅਰ ਉਤੇ ਬੈਠਣ ਲਈ ਮਜਬੂਰ ਹੈ। ਦਿੱਲੀ ਵਿਚ ਲੱਗੇ ਕਿਸਾਨੀ ਅੰਦੋਲਨ ਦੌਰਾਨ ਵਾਪਰੇ ਇਕ ਹਾਦਸੇ ਨੇ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਦਿਤੀ ਅਤੇ ਅੱਜ ਭੂਰਾ ਸੈਂਪਲੀ ਦਾ ਅੱਧਾ ਸਰੀਰ ਨਕਾਰਾ ਹੋ ਚੁੱਕਿਆ ਹੈ। ਦਰਅਸਲ ਜਦੋਂ ਇਹ ਹਾਦਸਾ ਵਾਪਰਿਆ, ਉਦੋਂ ਭੂਰਾ ਸੈਂਪਲੀ ਅਪਣੇ ਸਾਥੀਆਂ ਨਾਲ ਟਰੈਕਟਰ-ਟਰਾਲੀ ਉਤੇ ਦਿੱਲੀ ਮੋਰਚੇ ਵਿਚ ਲੱਗੇ ਲੰਗਰਾਂ ਲਈ ਰਸਦ ਲੈ ਕੇ ਜਾ ਰਹੇ ਸਨ।
ਪਰਵਾਰ ਨੇ ਇਤਰਾਜ਼ ਜਤਾਇਆ ਕਿ ਅੱਜ ਤਕ ਸੰਯੁਕਤ ਕਿਸਾਨ ਮੋਰਚੇ ਦੇ ਕਿਸੇ ਆਗੂ ਜਾਂ ਕਿਸੇ ਹੋਰ ਕਿਸਾਨ ਜਥੇਬੰਦੀ ਵਲੋਂ ਪੀੜਤ ਦੀ ਕੋਈ ਮਦਦ ਨਹੀਂ ਕੀਤੀ ਗਈ ਹਾਲਾਂਕਿ ਐਨ.ਆਰ.ਆਈਜ਼ ਨੇ ਉਨ੍ਹਾਂ ਦਾ ਹੱਥ ਜ਼ਰੂਰ ਫੜਿਆ ਹੈ। ਪੀੜਤ ਕਬੱਡੀ ਖਿਡਾਰੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਸੈਂਪਲੀ ਸਾਹਿਬ ਦਾ ਰਹਿਣ ਵਾਲਾ ਹੈ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਭੂਰਾ ਸੈਂਪਲੀ ਨੇ ਦਸਿਆ ਕਿ 2 ਦਸੰਬਰ 2020 ਨੂੰ ਰਾਤ ਕਰੀਬ 10 ਵਜੇ ਉਹ ਘਰੋਂ ਦਿੱਲੀ ਮੋਰਚੇ ਲਈ ਰਵਾਨਾ ਹੋਏ ਸਨ ਅਤੇ ਅਗਲੇ ਦਿਨ ਤੜਕੇ ਕਰੀਬ 5 ਵਜੇ ਇਕ ਟਰੱਕ ਨੇ ਉਨ੍ਹਾਂ ਦੇ ਟਰੈਕਟਰ ਨੂੰ ਟੱਕਰ ਮਾਰ ਦਿਤੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਭੂਰਾ ਸੈਂਪਲੀ ਹਵਾ ਵਿਚ ਉਛਲ ਗਏ ਅਤੇ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਇਸ ਵਿਚ ਉਨ੍ਹਾਂ ਦੇ 8 ਸਾਥੀ (ਜੋ ਕਿ ਕਬੱਡੀ ਖਿਡਾਰੀ ਹਨ) ਵੀ ਜ਼ਖ਼ਮੀ ਹੋਏ, ਜਿਨ੍ਹਾਂ ਵਿਚੋਂ ਕਈ ਬਹੁਤ ਦੂਰ ਜਾ ਕੇ ਡਿੱਗੇ। ਹਾਦਸੇ ਮਗਰੋਂ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। 10-15 ਮਿੰਟ ਬਾਅਦ ਐਂਬੂਲੈਂਸ ਪਹੁੰਚਣ ’ਤੇ ਉਨ੍ਹਾਂ ਨੂੰ ਕੁਰਕਸ਼ੇਤਰ ਹਸਪਤਾਲ ਲਿਜਾਇਆ ਗਿਆ, ਜਿਥੋਂ ਇਕ ਘੰਟੇ ਬਾਅਦ ਉਨ੍ਹਾਂ ਨੂੰ ਪੀ.ਜੀ.ਆਈ. ਰੈਫ਼ਰ ਕਰ ਦਿਤਾ ਗਿਆ। ਹੁਣ ਵੀ ਉਨ੍ਹਾਂ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਅਤੇ ਉਨ੍ਹਾਂ ਨੂੰ ਲੈਟਰੀਨ ਬਾਥਰੂਮ ਦਾ ਵੀ ਪਤਾ ਨਹੀਂ ਲਗਦਾ।
ਕਬੱਡੀ ਖਿਡਾਰੀ ਨੇ ਦਸਿਆ ਕਿ ਉਨ੍ਹਾਂ ਨੇ ਕਈ ਦਿਨ ਦਰਦ ਵਿਚ ਹੰਢਾਏ। ਦਰਦ ਕਾਰਨ ਹਾਲਾਤ ਇਹ ਬਣ ਗਏ ਕਿ ਉਨ੍ਹਾਂ ਨੇ ਡਾਕਟਰਾਂ ਨੂੰ ਕਿਹਾ ਕਿ ਉਨ੍ਹਾਂ ਦੇ ਜ਼ਹਿਰ ਦਾ ਟੀਕਾ ਲਗਾ ਦਿਤਾ ਜਾਵੇ। ਇਸ ਮਗਰੋਂ ਆਪਰੇਸ਼ਨ ਹੋਇਆ, ਜਿਸ ਨਾਲ ਉਨ੍ਹਾਂ ਨੂੰ ਦਰਦ ਤੋਂ ਕੁੱਝ ਰਾਹਤ ਮਿਲੀ। ਭੂਰਾ ਸੈਂਪਲੀ ਦਾ ਕਹਿਣਾ ਹੈ ਕਿ ਇਸ ਇਲਾਜ ਦੌਰਾਨ ਉਨ੍ਹਾਂ ਦਾ ਕਰੀਬ 25 ਲੱਖ ਰੁਪਏ ਖਰਚਾ ਆਇਆ। ਇਸ ਸੱਭ ਦੌਰਾਨ ਕਿਸੇ ਕਿਸਾਨ ਆਗੂ ਜਾਂ ਜਥੇਬੰਦੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਹਾਲਾਂਕਿ ਇਕ ਵਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਉਨ੍ਹਾਂ ਨੂੰ ਮਿਲਣ ਜ਼ਰੂਰ ਆਏ ਪਰ ਪੀੜਤ ਪਰਵਾਰ ਦਾ ਕਹਿਣਾ ਹੈ ਕਿ ਉਹ ਵੀ ਵੀਡੀਉ ਬਣਵਾਉਣ ਲਈ ਆਏ ਸੀ। ਉਨ੍ਹਾਂ ਨੇ ਫੰਡਿੰਗ ਲਈ ਹੀ ਇਹ ਵਿਖਾਵਾ ਕੀਤਾ ਸੀ। ਐਨ.ਆਰ.ਆਈਜ਼. ਵਲੋਂ ਕੀਤੀ ਜਾ ਰਹੀ ਫੰਡਿੰਗ ਬਾਰੇ ਭੂਰਾ ਸੈਂਪਲੀ ਨੇ ਕਿਹਾ ਕਿ ਵਿਦੇਸ਼ਾਂ ਵਿਚ ਵਸਦੇ ਭਰਾ ਜਿਸ ਕੰਮ ਲਈ ਪੈਸੇ ਭੇਜਦੇ ਹਨ, ਉਸ ਕੰਮ ਲਈ ਉਨ੍ਹਾਂ ਦੀ ਵਰਤੋਂ ਨਹੀਂ ਹੁੰਦੀ।
ਭੂਰਾ ਸੈਂਪਲੀ ਨੇ ਦਸਿਆ ਕਿ ਕਰੀਬ 2 ਮਹੀਨੇ ਪਹਿਲਾਂ ਕਿਸਾਨ ਆਗੂ ਉਨ੍ਹਾਂ ਦੇ ਪਿੰਡ ਵੀ ਆਏ ਪਰ ਉਹ ਉਨ੍ਹਾਂ ਦੇ ਕੋਲੋਂ ਹੀ ਗੱਡੀ ਭਜਾ ਕੇ ਲੰਘ ਗਏ। ਇਥੋਂ ਤਕ ਕਿ ਉਨ੍ਹਾਂ ਨੇ ਹਾਲ-ਚਾਲ ਵੀ ਨਹੀਂ ਪੁਛਿਆ, ਅਜਿਹਾ ਰਵੱਈਆ ਵੇਖ ਕੇ ਮਨ ਬਹੁਤ ਦੁਖੀ ਹੁੰਦਾ ਹੈ। ਕਬੱਡੀ ਖੇਡ ਬਾਰੇ ਗੱਲ ਕਰਦਿਆਂ ਭੂਰਾ ਸੈਂਪਲੀ ਨੇ ਦਸਿਆ ਕਿ ਉਨ੍ਹਾਂ ਦੇ ਪਿੰਡ ਦੇ ਕਈ ਦੋਸਤ ਕਬੱਡੀ ਖੇਡਦੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਵੀ ਕਬੱਡੀ ਦੀ ਕੋਚਿੰਗ ਲਈ ਅਤੇ ਕਈ ਇਨਾਮ ਜਿਤੇ, ਜਿਨ੍ਹਾਂ ਵਿਚ ਮੋਟਰਸਾਈਕਲ, ਨਕਦ ਇਨਾਮ ਆਦਿ ਵੀ ਸ਼ਾਮਲ ਹਨ। ਰੀੜ੍ਹ ਦੀ ਹੱਡੀ ਦੇ ਆਪਰੇਸ਼ਨ ਦੌਰਾਨ ਉਨ੍ਹਾਂ ਦੇ ਸਾਥੀ ਖਿਡਾਰੀਆਂ ਨੇ ਅਤੇ ਹੋਰ ਟੀਮਾਂ ਨੇ ਵੀ ਬਹੁਤ ਮਦਦ ਕੀਤੀ। ਕਬੱਡੀ ਖਿਡਾਰੀ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਬੇਸ਼ੱਕ ਖਿਡਾਰੀਆਂ ਨੂੰ ਚੰਗੇ ਇਨਾਮ ਮਿਲਦੇ ਹਨ ਪਰ ਖਿਡਾਰੀਆਂ ਨੂੰ ਬਣਦਾ ਮਾਣ-ਸਨਮਾਨ ਨਹੀਂ ਦਿਤਾ ਜਾਂਦਾ। ਛੋਟੇ ਖਿਡਾਰੀ ਵੀ ਹੁਣ ਵੱਡੇ ਖਿਡਾਰੀਆਂ ਦਾ ਸਤਿਕਾਰ ਨਹੀਂ ਕਰਦੇ।
ਭੂਰਾ ਸੈਂਪਲੀ ਦੇ ਪਿਤਾ ਦਾ ਕਹਿਣਾ ਹੈ ਕਿ ਜਦੋਂ ਜਵਾਨ ਪੁੱਤ ਮੰਜੇ ਉਤੇ ਬੈਠਿਆ ਹੋਵੇ ਤਾਂ ਮਾਪਿਆਂ ਨੂੰ ਕੋਈ ਸੁੱਧ-ਬੁੱਧ ਨਹੀਂ ਰਹਿੰਦੀ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਦਾ ਪੁੱਤ ਕਬੱਡੀ ਦੀ ਸ਼ਾਨ ਸੀ ਪਰ ਜਦੋਂ ਉਸ ਦੇ ਚਮਕਣ ਦਾ ਸਮਾਂ ਸੀ ਤਾਂ ਇਹ ਹਾਦਸਾ ਵਾਪਰ ਗਿਆ। ਕਿਸਾਨ ਮੋਰਚੇ ਜਾਂ ਸਰਕਾਰਾਂ ਨੇ ਪਰਵਾਰ ਦੀ ਸਾਰ ਨਹੀਂ ਲਈ, ਢਾਈ ਸਾਲ ਬਾਅਦ ਕਿਸੇ ਦੇ ਕਹਿਣ ’ਤੇ ਕਿਸਾਨ ਆਗੂ ਉਨ੍ਹਾਂ ਦੇ ਘਰ ਆਏ। ਨਾ ਕਿਸੇ ਨੇ ਨੌਕਰੀ ਦਿਵਾਉਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਮਦਦ ਲਈ ਹੱਥ ਵਧਾਇਆ। ਪਿਤਾ ਨੇ ਦਸਿਆ ਕਿ ਇਸ ਹਾਲਤ ਵਿਚ ਵੀ ਉਨ੍ਹਾਂ ਦਾ ਪੁੱਤ ਉਨ੍ਹਾਂ ਨੂੰ ਗੱਡੀ ਵਿਚ ਲੈ ਕੇ ਜਾਂਦਾ ਹੈ ਕਿਉਂਕਿ ਬਾਕੀ ਪੁੱਤਰ ਵਿਦੇਸ਼ਾਂ ਵਿਚ ਹਨ।
ਇਸ ਦੇ ਨਾਲ ਹੀ ਭੂਰਾ ਸੈਂਪਲੀ ਨੇ ਦਸਿਆ ਕਿ ਰੋਪੜ ਜ਼ਿਲ੍ਹੇ ਦੇ ਇਕ ਨੌਜੁਆਨ ਨੂੰ ਵੀ ਕਿਸਾਨੀ ਅੰਦੋਲਨ ਦੌਰਾਨ ਬਹੁਤ ਗੰਭੀਰ ਸੱਟਾਂ ਲੱਗੀਆਂ ਸਨ, ਉਸ ਦੀ ਵੀ ਕਿਸੇ ਨੇ ਸਾਰ ਨਹੀਂ ਲਈ। ਉਨ੍ਹਾਂ ਐਨ.ਆਰ.ਆਈ. ਭਰਾਵਾਂ ਨੂੰ ਅਪੀਲ ਕੀਤੀ ਕਿ ਉਸ ਦੀ ਬਣਦੀ ਮਦਦ ਕੀਤੀ ਜਾਵੇ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।