
ਡਬਲਿਊ.ਐਫ.ਆਈ. ਨੇ ਰਾਹੁਲ ਅਵਾਰੇ, ਹਰਪ੍ਰੀਤ ਸਿੰਘ, ਦਿਵਿਆ ਕਾਕਰਾਨ ਅਤੇ ਪੂਜਾ ਢਾਂਡਾ ਦੇ ਨਾਂ ਅਰਜੁਨ ਐਵਾਰਡ ਲਈ ਭੇਜੇ
ਨਵੀਂ ਦਿੱਲੀ : ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ. ਐੱਫ. ਆਈ.) ਨੇ ਹਾਲ ਹੀ 'ਚ ਏਸ਼ੀਆਈ ਚੈਂਪੀਅਨ ਬਣੇ ਬਜਰੰਗ ਪੂਨੀਆ ਅਤੇ ਪਿਛਲੇ ਸਾਲ ਏਸ਼ੀਆਈ ਖੇਡ੍ਹਾਂ ਦੀ ਸੋਨ ਤਮਗ਼ਾ ਜੇਤੂ ਵਿਨੇਸ਼ ਫ਼ੋਗਾਟ ਨੂੰ ਦੇਸ਼ ਦੇ ਸਰਵਉੱਚ ਖੇਡ ਪੁਰਸਕਾਰ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਦੇਣ ਦੀ ਸਿਫਾਰਸ਼ ਕੀਤੀ ਹੈ। ਡਬਲਿਊ. ਐੱਫ. ਆਈ. ਨੇ ਸੋਮਵਾਰ ਨੂੰ ਬਜਰੰਗ ਅਤੇ ਵਿਨੇਸ਼ ਦੇ ਨਾਂ ਪਿਛਲੇ ਦੋ ਸਾਲਾਂ 'ਚ ਉਨ੍ਹ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਇਸ ਐਵਾਰਡ ਲਈ ਭੇਜੇ ਹਨ। ਡਬਲਿਊ. ਐੱਫ. ਆਈ. ਅਧਿਕਾਰੀ ਨੇ ਕਿਹਾ, ''ਇਨ੍ਹ੍ਹਾਂ ਦੋਹਾਂ (ਬਜਰੰਗ ਅਤੇ ਵਿਨੇਸ਼) ਨੇ ਆਪਣੀਆਂ ਬੇਨਤੀਆਂ ਕੀਤੀਆਂ ਸਨ ਜਿਸ ਤੋਂ ਬਾਅਦ ਡਬਲਿਊ. ਐੱਫ. ਆਈ. ਨੇ ਉਨ੍ਹ੍ਹਾਂ ਨੂੰ ਖੇਡ ਰਤਨ ਐਵਾਰਡ ਦੇਣ ਦੀ ਸਿਫਾਰਸ਼ ਕੀਤੀ ਹੈ।''
Vinesh Phogat
ਵਿਸ਼ਵ 'ਚ ਨੰਬਰ ਇਕ ਖਿਡਾਰੀ ਬਜਰੰਗ ਨੇ ਹਾਲ ਹੀ ਵਿਚ ਸ਼ੀਆਨ 'ਚ ਏਸ਼ੀਆਈ ਚੈਂਪੀਅਨਸ਼ਿਪ 'ਚ ਪੁਰਸ਼ਾਂ ਦੇ 65 ਕਿਲੋਗ੍ਰਾਮ ਭਾਰ ਵਰਗ 'ਚ ਸੋਨ ਤਮਗ਼ਾ ਜਿਤਿਆ ਸੀ। ਇਸ 25 ਸਾਲਾ ਪਹਿਲਵਾਨ ਨੇ ਪਿਛਲੇ ਸਾਲ ਜਕਾਰਤਾ 'ਚ ਏਸ਼ੀਆਈ ਖੇਡਾਂ 'ਚ ਵੀ ਸੋਨ ਤਮਗ਼ਾ ਜਿਤਿਆ ਸੀ। ਵਿਨੇਸ਼ ਏਸ਼ੀਆਈ ਚੈਂਪੀਅਨਸ਼ਿਪ 'ਚ ਸਿਰਫ ਕਾਂਸੀ ਦਾ ਤਮਗ਼ਾ ਹੀ ਜਿੱਤ ਸਕੀ ਸੀ ਪਰ ਉਹ ਨਵੇਂ ਭਾਰ ਵਰਗ 53 ਕਿਲੋਗ੍ਰਾਮ 'ਚ ਲੜ ਰਹੀ ਸੀ ਅਤੇ ਇਸ ਲਈ ਇਸ ਨੂੰ ਚੰਗੀ ਉਪਲਬਧੀ ਮੰਨਿਆ ਜਾ ਰਿਹਾ ਹੈ। ਉਹ 2018 'ਚ ਏਸ਼ੀਆਈ ਖੇਡਾਂ 'ਚ ਸੋਨ ਤਮਗ਼ਾ ਜਿਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਸੀ।
Wrestler Bajrang Poonia
ਬਜਰੰਗ ਅਤੇ ਵਿਨੇਸ਼ ਤੋਂ ਇਲਾਵਾ ਡਬਲਿਊ. ਐੱਫ. ਆਈ. ਨੇ ਰਾਹੁਲ ਅਵਾਰੇ, ਹਰਪ੍ਰੀਤ ਸਿੰਘ, ਦਿਵਿਆ ਕਾਕਰਾਨ ਅਤੇ ਪੂਜਾ ਢਾਂਡਾ ਦੇ ਨਾਂ ਅਰਜੁਨ ਐਵਾਰਡ ਲਈ ਭੇਜੇ ਹਨ। 25 ਸਾਲਾ ਪੂਜਾ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਅਤੇ ਰਾਸ਼ਟਰੀਮੰਡਲ ਖੇਡਾਂ ਵਿਚ ਚਾਂਦੀ ਦਾ ਤਮਗ਼ਾ ਜਿਤਿਆ ਸੀ। 21 ਸਾਲਾ ਦਿਵਿਆ ਨੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਮਗ਼ਾ ਹਾਸਲ ਕੀਤਾ ਸੀ। ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਵਿਚ ਵੀ ਉਹ ਤੀਸਰੇ ਸਥਾਨ 'ਤੇ ਰਹੀ ਸੀ।
Vinesh Phogat & Bajrang Poonia
ਅਵਾਰਾ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗ਼ਾ ਜੇਤੂ ਜਦੋਂਕਿ ਹਰਪ੍ਰੀਤ ਏਸ਼ੀਆਈ ਚੈਂਪੀਅਨਸ਼ਿਪ ਦੇ ਚਾਂਦੀ ਤਮਗ਼ਾ ਜੇਤੂ ਹਨ। ਪਿਛਲੇ ਸਾਲ ਬਜਬੰਗ ਨੇ ਖੇਡ ਰਤਨ ਨਾ ਮਿਲਣ 'ਤੇ ਨਾਰਾਜ਼ਗ਼ੀ ਜਤਾਈ ਸੀ ਅਤੇ ਅਦਾਲਤ ਜਾਣ ਦੀ ਧਮਕੀ ਦਿਤੀ ਸੀ। ਉਦੋਂ ਕ੍ਰਿਕਟਰ ਵਿਰਾਟ ਕੋਹਲੀ ਅਤੇ ਭਾਰਤੋਲਕ ਮੀਰਾਬਾਈ ਚਾਨੂੰ ਨੂੰ ਪੁਰਸਕਾਰ ਮਿਲਿਆ ਸੀ। ਡਬਲਯੂਐਫ਼ਆਈ ਨੇ ਕੋਚਾਂ ਨੂੰ ਦਿਤੇ ਜਾਣ ਵਾਲੇ ਦਰੋਣਾਚਾਰੀਆ ਐਵਾਰਡ ਲਈ ਵੀਰੇਂਦਰ ਕੁਮਾਰ, ਸੁਜੀਤ ਮਾਨ, ਨਰਿੰਦਰ ਅਤੇ ਵਿਕਰਮ ਕੁਮਾਰ ਦੇ ਨਾਂਵਾਂ ਦੀ ਸਿਫ਼ਾਰਸ਼ ਕੀਤੀ ਹੈ। ਭੀਮ ਸਿੰਘ ਅਤੇ ਜੈ ਪ੍ਰਕਾਸ਼ ਦਾ ਨਾਮ ਧਿਆਨ ਚੰਦ ਪੁਰਸਕਾਰ ਲਈ ਭੇਜਿਆ ਗਿਆ ਹੈ।