ਇਸ ਸਮੇਂ ਅੰਤਰਰਾਸ਼ਟਰੀ ਮਹਿਲਾ ਕ੍ਰਿਕੇਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਝੂਲਨ ਦੇ ਨਾਂ ਹੈ।
ਬੈਂਗਲੁਰੂ: ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕ੍ਰਿਕੇਟ ਵਿੱਚ ਮਹਿਲਾ ਖਿਡਾਰੀ ਝੂਲਨ ਗੋਸਵਾਮੀ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਤਜਰਬੇਕਾਰ ਤੇਜ਼ ਗੇਂਦਬਾਜ਼ ਦਾ ਖੇਡ ਪ੍ਰਤੀ ਜਨੂੰਨ ਬੇਮਿਸਾਲ ਹੈ, ਅਤੇ ਟੀਮ ਵਿੱਚ ਉਸ ਦੀ ਜਗ੍ਹਾ ਕੋਈ ਨਹੀਂ ਭਰ ਸਕਦਾ। ਪਿਛਲੇ ਦੋ ਦਹਾਕਿਆਂ ਤੋਂ ਭਾਰਤੀ ਮਹਿਲਾ ਗੇਂਦਬਾਜ਼ਾਂ ਵਿੱਚ ਮੋਹਰੀ ਰਹੀ 39 ਸਾਲਾ ਝੂਲਨ 24 ਸਤੰਬਰ ਨੂੰ ਲਾਰਡਸ ਵਿੱਚ ਇੰਗਲੈਂਡ ਖ਼ਿਲਾਫ਼ ਤੀਜਾ ਅਤੇ ਆਖਰੀ ਵਨ ਡੇ ਖੇਡ ਕੇ ਕੌਮਾਂਤਰੀ ਕ੍ਰਿਕੇਟ ਨੂੰ ਅਲਵਿਦਾ ਕਹਿ ਦੇਵੇਗੀ। ਇਸ ਸਮੇਂ ਅੰਤਰਰਾਸ਼ਟਰੀ ਮਹਿਲਾ ਕ੍ਰਿਕੇਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਝੂਲਨ ਦੇ ਨਾਂ ਹੈ।
ਹਰਮਨਪ੍ਰੀਤ ਨੇ ਝੂਲਨ ਦੀ ਕਪਤਾਨੀ ਵਿੱਚ ਪਾਕਿਸਤਾਨ ਵਿਰੁੱਧ 2009 ਦੇ ਵਿਸ਼ਵ ਕੱਪ ਵਿੱਚ ਆਪਣੀ ਅੰਤਰਰਾਸ਼ਟਰੀ ਖੇਡ ਲੜੀ ਦੀ ਸ਼ੁਰੂਆਤ ਕੀਤੀ ਸੀ। ਉਸ ਕੋਲ ਇਸ ਭਾਰਤੀ ਮਹਿਲਾ ਤੇਜ਼ ਗੇਂਦਬਾਜ਼ ਨਾਲ ਬਹੁਤ ਸਾਰੀਆਂ ਯਾਦਾਂ ਹਨ, ਜਿਸ ਨੇ 201 ਵਨ ਡੇ ਮੈਚਾਂ ਵਿੱਚ 252 ਵਿਕਟਾਂ ਦਾ ਰਿਕਾਰਡ ਬਣਾਇਆ ਹੈ। ਝੂਲਨ ਇਸ ਫ਼ਾਰਮੈਟ ਵਿੱਚ 200 ਤੋਂ ਵੱਧ ਵਿਕਟਾਂ ਲੈਣ ਵਾਲੀ ਇਕਲੌਤੀ ਗੇਂਦਬਾਜ਼ ਹੈ।
ਹਰਮਨਪ੍ਰੀਤ ਨੇ ਕਿਹਾ, ''ਜਦੋਂ ਮੈਂ ਸ਼ੁਰੂਆਤ ਕੀਤੀ ਤਾਂ ਉਹ ਕਪਤਾਨ ਸੀ, ਅਤੇ ਬੜਾ ਯਾਦਗਾਰ ਮੌਕਾ ਹੋਵੇਗਾ ਕਿ ਜਦੋਂ ਉਹ ਆਪਣਾ ਆਖਰੀ ਵਨ ਡੇ ਮੈਚ ਖੇਡੇਗੀ ਤਾਂ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲਣ ਦਾ ਮੌਕਾ ਮੈਨੂੰ ਮਿਲੇਗਾ। ਜਦੋਂ ਮੈਨੂੰ ਟੀਮ 'ਚ ਜਗ੍ਹਾ ਮਿਲੀ ਤਾਂ ਉਹ ਅਜਿਹੀ ਖਿਡਾਰਨ ਸੀ ਜੋ ਆਪ ਅੱਗੇ ਆ ਕੇ ਟੀਮ ਦੀ ਅਗਵਾਈ ਕਰਦੀ ਸੀ। ਮੈਂ ਉਸ ਤੋਂ ਬਹੁਤ ਕੁਝ ਸਿੱਖਿਆ ਹੈ। ਉਸਦੀ ਥਾਂ ਕੋਈ ਨਹੀਂ ਲੈ ਸਕਦਾ।"
ਹਰਮਨਪ੍ਰੀਤ ਨੇ ਅੱਗੇ ਕਿਹਾ, “ਉਹ ਅਜਿਹੀ ਖਿਡਾਰਨ ਹੈ ਜਿਸ ਦੀ ਕੋਸ਼ਿਸ਼ ਸਦਾ ਇੱਕ ਜਿਹੀ ਰਹਿੰਦੀ ਹੈ। ਉਹ ਅੱਜ ਵੀ ਉਸੇ ਤਰ੍ਹਾਂ ਸਖ਼ਤ ਮਿਹਨਤ ਕਰਦੀ ਹੈ ਜਿਵੇਂ ਉਹ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਕਰਦੀ ਸੀ। ਤੁਸੀਂ ਸ਼ਾਇਦ ਹੀ ਕੋਈ ਅਜਿਹਾ ਗੇਂਦਬਾਜ਼ ਦੇਖਿਆ ਹੋਵੇਗਾ ਜੋ ਨੈੱਟ 'ਤੇ ਉਸ ਵਰਗੀ ਸਖ਼ਤ ਮਿਹਨਤ ਕਰਦਾ ਹੋਵੇ। ਕ੍ਰਿਕੇਟ ਨੂੰ ਲੈ ਕੇ ਜਿੰਨਾ ਉਸ ਅੰਦਰ ਜਨੂੰਨ ਹੈ, ਉਹ ਹੋਰ ਕਿਸੇ ਵਿਚ ਨਹੀਂ। ਇੱਕ ਕ੍ਰਿਕਟਰ ਅਤੇ ਇੱਕ ਇਨਸਾਨ, ਦੋਵਾਂ ਰੂਪਾਂ 'ਚ ਮੈਂ ਉਸ ਤੋਂ ਬਹੁਤ ਕੁਝ ਸਿੱਖਿਆ ਹੈ। ਉਹ ਸਾਡੇ ਸਾਰਿਆਂ ਲਈ ਇਕ ਵੱਡੀ ਮਿਸਾਲ ਹੈ। ਉਸ ਨੂੰ ਖੇਡਦਿਆਂ ਦੇਖ ਦੇਸ਼ ਦੇ ਅਨੇਕਾਂ ਨੌਜਵਾਨਾਂ ਨੇ ਇਸ ਖੇਡ ਨੂੰ ਅਪਣਾਇਆ ਹੈ।"
ਝੂਲਨ ਨੇ ਆਪਣੇ ਅੰਤਰਰਾਸ਼ਟਰੀ ਖੇਡ ਕਰੀਅਰ ਦੀ ਸ਼ੁਰੂਆਤ 2002 ਵਿੱਚ ਕੀਤੀ ਸੀ। ਉਸਨੇ 2018 ਵਿੱਚ ਟੀ-20 ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਅਕਤੂਬਰ 2021 ਵਿੱਚ ਇਸ ਤੇਜ਼ ਗੇਂਦਬਾਜ਼ ਨੇ ਆਪਣਾ ਆਖਰੀ ਟੈਸਟ ਮੈਚ ਖੇਡਿਆ ਸੀ। ਝੂਲਨ ਨੇ ਇਸ ਸਾਲ ਮਾਰਚ 'ਚ ਨਿਊਜ਼ੀਲੈਂਡ 'ਚ ਵਨ ਡੇ ਵਿਸ਼ਵ ਕੱਪ 'ਚ ਹਿੱਸਾ ਲਿਆ ਸੀ ਪਰ ਦੱਖਣੀ ਅਫ਼ਰੀਕਾ ਖ਼ਿਲਾਫ਼ ਭਾਰਤ ਦੇ ਫ਼ਾਈਨਲ ਗਰੁੱਪ ਮੈਚ ਤੋਂ ਪਹਿਲਾਂ ਉਹ ਜ਼ਖ਼ਮੀ ਹੋ ਗਈ ਸੀ। ਇਸ ਕਾਰਨ ਉਹ ਜੁਲਾਈ 'ਚ ਸ਼੍ਰੀਲੰਕਾ ਦੌਰੇ 'ਤੇ ਵੀ ਨਹੀਂ ਜਾ ਸਕੀ। ਝੂਲਨ ਕੁੱਲ ਮਿਲਾ ਕੇ 12 ਟੈਸਟ, 68 ਟੀ-20 ਅੰਤਰਰਾਸ਼ਟਰੀ ਅਤੇ 201 ਵਨ ਡੇ ਮੈਚ ਖੇਡ ਚੁੱਕੀ ਹੈ। ਉਹ ਛੇ ਵਿਸ਼ਵ ਕੱਪਾਂ ਵਿੱਚ ਹਿੱਸਾ ਲੈ ਚੁੱਕੀ ਹੈ।
ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ 9 ਸਤੰਬਰ ਨੂੰ ਟੀ-20 ਮੈਚ ਨਾਲ ਇੰਗਲੈਂਡ ਦੌਰੇ ਦੀ ਸ਼ੁਰੂਆਤ ਕਰੇਗੀ। ਤਿੰਨ ਟੀ-20 ਮੈਚਾਂ ਤੋਂ ਬਾਅਦ ਭਾਰਤੀ ਟੀਮ ਵਨ ਡੇ ਮੈਚਾਂ ਦੀ ਸੀਰੀਜ਼ ਖੇਡੇਗੀ। ਝੂਲਨ ਦੇ ਆਖਰੀ ਵਨ ਡੇ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਲਾਰਡਜ਼ ਦੇ ਹੋਵ ਵਿਖੇ 18 ਸਤੰਬਰ ਅਤੇ ਕੈਂਟਰਬਰੀ ਵਿਖੇ 21 ਸਤੰਬਰ ਨੂੰ ਵਨਡੇ ਮੈਚ ਖੇਡੇਗੀ। ਹਰਮਨਪ੍ਰੀਤ ਨੇ ਕਿਹਾ, “ਅਸੀਂ ਇਸ ਬਾਰੇ ਗੱਲ ਕਰ ਰਹੇ ਹਾਂ ਕਿ ਇਹ ਝੂਲਨ ਦਾ ਆਖ਼ਰੀ ਟੂਰਨਾਮੈਂਟ ਹੈ। ਇਹ ਉਸ ਦੇ ਸਮੇਤ ਸਾਡੇ ਸਾਰਿਆਂ ਲਈ ਬਹੁਤ ਖ਼ਾਸ ਹੈ। ਝੂਲਣ ਵਾਸਤੇ ਇਸ ਨੂੰ ਯਾਦਗਾਰ ਬਣਾਉਣ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ।”