
7 ਮਹੀਨੇ ਪਹਿਲਾਂ ਖੇਡਿਆ ਆਖਰੀ ਟੀ-20 ਮੈਚ
ਨਵੀਂ ਦਿੱਲੀ : ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਟੀਮ ਇੰਡੀਆ 'ਚ ਮੌਕਾ ਦਿੱਤਾ ਗਿਆ ਹੈ। ਉਹ ਦੱਖਣੀ ਅਫਰੀਕਾ ਖ਼ਿਲਾਫ਼ ਚੱਲ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਲੈਣਗੇ। ਇੱਕ ਦਿਨ ਪਹਿਲਾਂ, ਜਸਪ੍ਰੀਤ ਬੁਮਰਾਹ ਨੂੰ ਪਿੱਠ ਦੀ ਸੱਟ ਕਾਰਨ 16 ਅਕਤੂਬਰ ਤੋਂ 13 ਨਵੰਬਰ ਦਰਮਿਆਨ ਆਸਟਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਬੀਸੀਸੀਆਈ ਨੇ ਸ਼ੁੱਕਰਵਾਰ ਨੂੰ ਮੁਹੰਮਦ ਸਿਰਾਜ ਦੀ ਟੀਮ ਵਿੱਚ ਚੋਣ ਦੀ ਜਾਣਕਾਰੀ ਦਿੱਤੀ ਹੈ। 28 ਸਾਲਾ ਮੁਹੰਮਦ ਸਿਰਾਜ ਦੀ 7 ਮਹੀਨੇ 2 ਦਿਨਾਂ ਬਾਅਦ ਟੀਮ 'ਚ ਵਾਪਸੀ ਹੋਈ ਹੈ। ਉਨ੍ਹਾਂ ਨੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ 27 ਫਰਵਰੀ 2022 ਨੂੰ ਖੇਡਿਆ ਸੀ। ਇਹ ਮੈਚ ਧਰਮਸ਼ਾਲਾ 'ਚ ਸ਼੍ਰੀਲੰਕਾ ਖ਼ਿਲਾਫ਼ ਖੇਡਿਆ ਗਿਆ ਸੀ। ਹੈਦਰਾਬਾਦ ਦੇ ਮੁਹੰਮਦ ਸਿਰਾਜ ਨੇ ਫਰਵਰੀ ਵਿੱਚ ਧਰਮਸ਼ਾਲਾ 'ਚ ਸ਼੍ਰੀਲੰਕਾ ਦੇ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਚਾਰ ਓਵਰਾਂ ਵਿੱਚ 22 ਦੌੜਾਂ ਦੇ ਕੇ ਇੱਕ ਵਿਕਟ ਲਿਆ ਸੀ। ਇਸ ਤੋਂ ਬਾਅਦ ਸਿਰਾਜ ਨੇ ਸਿਰਫ ਟੈਸਟ, ਵਨਡੇ, ਆਈਪੀਐਲ ਅਤੇ ਫਸਟ ਕਲਾਸ ਮੈਚ ਖੇਡੇ ਹਨ।
ਜਸਪ੍ਰੀਤ ਬੁਮਰਾਹ ਨੂੰ ਠੀਕ ਹੋਣ 'ਚ 4-6 ਮਹੀਨੇ ਲੱਗਣਗੇ। ਉਹ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਟੀ-20 ਮੈਚ 'ਚ ਟੀਮ ਦਾ ਹਿੱਸਾ ਨਹੀਂ ਸਨ। ਬੈਂਗਲੁਰੂ 'ਚ ਅਭਿਆਸ ਸੈਸ਼ਨ ਦੌਰਾਨ ਬੁਮਰਾਹ ਦੀ ਪਿੱਠ 'ਚ ਦਰਦ ਹੋਇਆ। ਜਿਸ ਤੋਂ ਬਾਅਦ ਮੈਡੀਕਲ ਟੀਮ ਦੇ ਕਹਿਣ 'ਤੇ ਉਨ੍ਹਾਂ ਨੂੰ ਪਹਿਲੇ ਟੀ-20 ਮੈਚ ਤੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਸੱਟ ਕਾਰਨ ਉਹ ਏਸ਼ੀਆ ਕੱਪ ਵੀ ਨਹੀਂ ਖੇਡ ਸਕੇ।
ਜਸਪ੍ਰੀਤ ਬੁਮਰਾਹ ਆਸਟ੍ਰੇਲੀਆ ਖ਼ਿਲਾਫ਼ ਸੀਰੀਜ਼ 'ਚ ਪੂਰੇ ਏਸ਼ੀਆ ਕੱਪ 'ਚੋਂ ਬਾਹਰ ਹੋ ਗਏ ਸਨ । ਇਸ ਤੋਂ ਬਾਅਦ ਉਨ੍ਹਾਂ ਨੇ ਆਸਟ੍ਰੇਲੀਆ ਖ਼ਿਲਾਫ਼ ਖੇਡੀ ਗਈ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਵਾਪਸੀ ਕੀਤੀ। ਇੱਥੇ ਵੀ ਉਹ ਪਹਿਲਾ ਮੈਚ ਨਹੀਂ ਖੇਡ ਸਕਿਆ। ਉਸ ਨੂੰ ਦੂਜੇ ਮੈਚ ਵਿੱਚ ਮੌਕਾ ਮਿਲਿਆ ਅਤੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ ਆਸਟ੍ਰੇਲੀਆ ਦੇ ਕਪਤਾਨ ਆਰੋਨ ਫਿੰਚ ਨੂੰ ਯਾਰਕਰ ਗੇਂਦ 'ਤੇ ਬੋਲਡ ਕੀਤਾ। ਜਿਸ ਤੋਂ ਬਾਅਦ ਫਿੰਚ ਨੇ ਖੁਦ ਉਨ੍ਹਾਂ ਦੀ ਤਾਰੀਫ ਕੀਤੀ। ਇਸ ਦੇ ਅਗਲੇ ਮੈਚ ਵਿੱਚ ਉਹ ਥੋੜ੍ਹਾ ਮਹਿੰਗਾ ਸਾਬਤ ਹੋਇਆ। ਉਸ ਨੇ 4 ਓਵਰਾਂ 'ਚ 50 ਦੌੜਾਂ ਦਿੱਤੀਆਂ ਅਤੇ ਇਕ ਵੀ ਵਿਕਟ ਨਹੀਂ ਮਿਲੀ।