
ਹਰਭਜਨ ਨੇ ਲਗਾਏ ਪੰਜਾਬ ਖੇਡ ਵਿਭਾਗ 'ਤੇ ਦੇਰੀ ਨਾਲ ਕਾਗ਼ਜ਼ ਭੇਜਣ ਦੇ ਦੋਸ਼
ਚੰਡੀਗੜ੍ਹ : ਪੰਜਾਬ ਸਰਕਾਰ ਨੇ ਤਜ਼ਰਬੇਕਾਰ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦੇ ਇਨ੍ਹਾਂ ਦੋਸ਼ਾਂ ਦੀ ਜਾਂਚ ਦੇ ਆਦੇਸ਼ ਦਿਤੇ ਹਨ ਕਿ ਰਾਜ ਦੇ ਖੇਡ ਵਿਭਾਗ ਦੀ ਪ੍ਰਸ਼ਸਨਿਕ ਦੇਰੀ ਉਨ੍ਹਾਂ ਨੂੰ ਸਨਮਾਨਜਨਕ ਖੇਡ ਰਤਨ ਪੁਰਸਕਾਰ ਨਹੀਂ ਮਿਲ ਸਕਣ ਦਾ ਕਾਰਨ ਹੈ। ਖੇਡ ਰਤਨ ਪੁਰਸਕਾਰ ਲਈ ਇਸ ਆਫ਼ ਸਪਿਨਰ ਦੇ ਨਾਮ ਨੂੰ ਕੇਂਦਰੀ ਖੇਡ ਅਤੇ ਨੌਜੁਆਨ ਮਾਮਲਿਆਂ ਦੇ ਮੰਤਰਾਲਾ ਨੇ ਇਸ ਆਧਾਰ 'ਤੇ ਖਾਰਜ ਕਰ ਦਿਤਾ ਸੀ ਕਿ ਉਨ੍ਹਾਂ ਦੇ ਕਾਗ਼ਜ਼ ਦੇਰੀ ਨਾਲ ਪਹੁੰਚੇ। ਹਰਭਜਨ ਨੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਅਪੀਲ ਕੀਤੀ ਅਤੇ ਮੰਤਰੀ ਨੇ ਇਸ ਕ੍ਰਿਕਟਰ ਦੇ ਕਾਗ਼ਜ਼ ਕੇਂਦਰ ਨੂੰ ਕਥਿਤ ਰੂਪ ਨਾਲ ਦੇਰੀ ਨਾਲ ਭੇਜਣ ਮਾਮਲੇ ਦੀ ਜਾਂਚ ਦਾ ਆਦੇਸ਼ ਦਿਤਾ।
Harbhajan Singh
ਸੋਢੀ ਨੇ ਬੁਧਵਾਰ ਨੂੰ ਦਸਿਆ,''ਮੈ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿਤੇ ਹਨ। ਜਾਂਚ ਦੀ ਜ਼ਿੰਮੇਵਾਰੀ ਪ੍ਰਧਾਨ (ਖੇਡ) ਨੂੰ ਦਿਤੀ ਗਈ ਹੈ।'' ਅਪਣੇ ਟਵਿਟਰ ਹੈਂਡਲ 'ਤੇ ਪਾਏ ਵੀਡੀਉ ਵਿਚ ਹਰਭਜਨ ਨੇ ਦਾਵਾ ਕੀਤਾ ਸੀ ਕਿ ਉਨ੍ਹਾਂ ਨੇ ਇਸ ਪੁਰਸਕਾਰ ਲਈ ਅਪਣਾ ਫ਼ਾਰਮ ਪੰਜਾਬ ਖੇਡ ਵਿਭਾਗ ਨੂੰ ਸਮੇਂ ਸਿਰ ਜਮ੍ਹਾਂ ਕਰਵਾ ਦਿਤਾ ਸੀ। ਹਰਭਜਨ ਨੇ ਕਿਹਾ,''ਮੈਂਨੂੰ ਮੀਡੀਆ ਰਾਹੀਂ ਪਤਾ ਚਲਿਆ ਕਿ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਲਈ ਪੰਜਾਬ ਸਰਕਾਰ ਨੇ ਮੇਰੇ ਨਾਮ ਦੀ ਸਫ਼ਾਰਸ਼ ਕਰਨ ਵਾਲੀ ਜੋ ਫ਼ਾਈਲ ਕੇਂਦਰ ਨੂੰ ਭੇਜੀ ਸੀ ਉਸ ਨੂੰ ਇਹ ਕਾਰਨ ਦਸ ਕੇ ਖਾਰਜ ਕਰ ਦਿਤਾ ਗਿਆ ਕਿ ਕਾਗ਼ਜ਼ਾਤ ਕਾਫ਼ੀ ਦੇਰੀ ਨਾਲ ਪਹੁੰਚੇ।''
Harbhajan Singh
ਉਨ੍ਹਾਂ ਕਿਹਾ,''ਮੈਨੂੰ ਪਤਾ ਚਲਿਆ ਕਿ ਇਸ ਦੇਰੀ ਕਾਰਨ ਇਸ ਵਾਰ ਪੁਰਸਕਾਰ ਲਈ ਮੇਰੀ ਅਰਜ਼ੀ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ ਅਤੇ ਇਸ ਦੇ ਕਾਰਨ ਇਸ ਵਾਰ ਮੈਨੂੰ ਪੁਰਸਕਾਰ ਨਹੀਂ ਮਿਲੇਗਾ।'' ਹਰਭਜਨ ਨੇ ਦਾਵਾ ਕੀਤਾ ਕਿ ਉਨ੍ਹਾਂ ਨੇ ਸਬੰਧਤ ਦਸਤਾਵੇਜ਼ 29 ਮਾਰਚ ਨੂੰ ਜਮ੍ਹਾਂ ਕਰਵਾ ਦਿਤੇ ਸਨ ਪਰ ਹੁਣ ਉਨ੍ਹਾਂ ਦੀ ਸਮਝ ਵਿਚ ਆਇਆ ਕਿ ਉਨ੍ਹਾਂ ਦੇ ਕਾਗ਼ਜ਼ਾਤ ਕੇਂਦਰ ਸਰਕਾਰ ਕੋਲ ਭੇਜਣ ਵਿਚ ਦੇਰੀ ਕੀਤੀ ਗਈ ਸੀ ਜਿਸ ਕਾਰਨ ਇਸ ਨੂੰ ਖਾਰਜ ਕਰ ਦਿਤਾ ਗਿਆ। ਟੈਸਟ ਕ੍ਰਿਕਟ ਵਿਚ ਭਾਰਤ ਦੇ ਤੀਜੇ ਸੱਭ ਤੋਂ ਸਫ਼ਲ ਗੇਂਦਬਾਜ਼ ਹਰਭਜਨ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਅਗਲੇ ਸਾਲ ਉਨ੍ਹਾਂ ਦੀ ਅਰਜ਼ੀ ਦੁਬਾਰਾ ਭੇਜੀ ਜੇਵੇ।