
ਮੈਲਬਰਨ, 31 ਦਸੰਬਰ: ਆਸਟ੍ਰੇਲੀਆ ਤੇ ਇੰਗਲੈਂਡ ਦਰਮਿਆਨ ਮੈਲਬਰਨ ਕ੍ਰਿਕਟ ਗਰਾਊਂਡ 'ਚ ਖੇਡਿਆ ਗਿਆ ਐਸ਼ੇਜ ਸੀਰੀਜ਼ ਦਾ ਚੌਥਾ ਟੈਸਟ ਮੈਚ ਡਰਾਅ ਰਿਹਾ। ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਅਪਣੀ ਟੀਮ ਲਈ ਦੂਜੀ ਪਾਰੀ 'ਚ ਨਾਬਾਦ 102 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਸਟੀਵ ਸਮਿਥ ਨੇ ਅਪਣੇ ਟੈਸਟ ਕੈਰੀਅਰ ਦਾ 23ਵਾਂ ਸੈਂਕੜਾ ਪੂਰਾ ਕੀਤਾ।ਮੈਚ ਦੀ ਪਹਿਲੀ ਪਾਰੀ 'ਚ ਸਮਿਥ ਨੇ 76 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤਰ੍ਹਾਂ ਉਨ੍ਹਾਂ ਨੇ ਮੈਚ 'ਚ ਕੁਲ 178 ਦੌੜਾਂ ਬਣਾਈਆਂ ਅਤੇ ਸਾਲ 2017 ਦਾ ਅੰਤ 76.76 ਦੀ ਸ਼ਾਨਦਾਰ ਔਸਤ ਨਾਲ 1305 ਟੈਸਟ ਦੌੜਾਂ ਬਣਾ ਕੇ ਕੀਤਾ। ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਨੇ ਇਕ ਅਨੋਖਾ ਵਿਸ਼ਵ ਰੀਕਾਰਡ ਅਪਣੇ ਨਾਮ ਕਰ ਲਿਆ ਹੈ। ਹੁਣ ਉਹ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਅਜਿਹਾ ਪਹਿਲਾ ਬੱਲੇਬਾਜ਼ ਬਣ ਗਿਆ ਹੈ, ਜਿਸ ਨੇ ਲਗਾਤਾਰ ਚੌਥੇ ਸਾਲ 70 ਤੋਂ ਜ਼ਿਆਦਾ ਦੀ ਔਸਤ ਨਾਲ 1000 ਜਾਂ ਉਸ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ।
ਇਸ ਤੋਂ ਇਲਾਵਾ ਸਟੀਵ ਸਮਿਥ ਕਪਤਾਨ ਦੇ ਤੌਰ 'ਤੇ ਸੱਭ ਤੋਂ ਜ਼ਿਆਦਾ ਟੈਸਟ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਲੜੀ 'ਚ ਤੀਜੇ ਨੰਬਰ 'ਤੇ ਆ ਗਏ ਹਨ। ਉਸ ਤੋਂ ਅੱਗੇ ਸਿਰਫ਼ ਸਾਊਥ ਅਫ਼ਰੀਕਾ ਦੇ ਗ੍ਰੀਮ ਸਮਿਥ ਅਤੇ ਆਸਟ੍ਰੇਲੀਆ ਦੇ ਸਾਬਕਾ ਦਿੱਗਜ ਰਿੱਕੀ ਪੌਂਟਿੰਗ ਹਨ। ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਨੇ ਇਸ ਸਾਲ ਟੈਸਟ 'ਚ ਸੱਭ ਤੋਂ ਜ਼ਿਆਦਾ 1305 ਦੌੜਾਂ ਬਣਾਈਆਂ। ਉਸ ਤੋਂ ਪਿੱਛੇ ਭਾਰਤ ਦੇ ਚੇਤੇਸ਼ਵਰ ਪੁਜਾਰਾ, ਸਾਊਥ ਅਫ਼ਰੀਕਾ ਦੇ ਡੀਨ ਐਲਗਰ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਰਹੇ। (ਏਜੰਸੀ)