
ਨਵੀਂ ਦਿੱਲੀ, 18 ਦਸੰਬਰ: ਸ੍ਰੀਲੰਕਾ ਵਿਰੁਧ ਸਮਾਪਤ ਤਿੰਨ ਮੈਚਾਂ ਦੀ ਲੜੀ 'ਚ ਅਪਣੇ ਕੈਰੀਅਰ ਦਾ ਤੀਜਾ ਦੋਹਰਾ ਸੈਂਕੜਾ ਲਗਾਉਣ ਵਾਲੇ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਆਈ.ਸੀ.ਸੀ. ਵਲੋਂ ਸੋਮਵਾਰ ਨੂੰ ਜਾਰੀ ਇਕ ਦਿਨਾ ਰੈਂਕਿੰਗ 'ਚ ਦੋ ਸਥਾਨ ਉਪਰ ਹੋ ਕੇ ਬੱਲੇਬਾਜ਼ਾਂ 'ਚ ਪੰਜਵੇਂ ਸਥਾਨ 'ਤੇ ਪਹੁੰਚ ਗਏ ਹਨ। ਇਸ ਲੜੀ ਤੋਂ ਬਾਹਰ ਵਿਰਾਟ ਕੋਹਲੀ ਅਪਣੇ ਪਹਿਲੇ ਸਥਾਨ 'ਤੇ ਬਰਕਰਾਰ ਹਨ।ਰੋਹਿਤ ਸ੍ਰੀਲੰਕਾ ਵਿਰੁਧ ਮੌਜੂਦਾ ਸੀਮਤ ਓਵਰਾਂ ਦੀ ਲੜੀ 'ਚ ਕਪਤਾਨ ਵੀ ਹਨ। ਐਤਵਾਰ ਨੂੰ ਫ਼ੈਸਲਾਕੁਨ ਮੈਚ ਜਿੱਤਣ ਨਾਲ ਭਾਰਤ ਨੇ ਰੋਹਿਤ ਦੀ ਅਗਵਾਈ 'ਚ 2-1 ਨਾਲ ਇਕ ਦਿਨਾ ਲੜੀ ਵੀ ਜਿੱਤ ਲਈ ਹੈ। ਇਸ ਲੜੀ ਦੇ ਦੂਜੇ ਮੈਚ 'ਚ ਸਲਾਮੀ ਬੱਲੇਬਾਜ਼ ਨੇ ਇਕ ਦਿਨਾ ਮੈਚਾਂ 'ਚ ਅਪਣਾ ਤੀਜਾ ਦੋਹਰਾ ਸੈਂੜਕਾ ਬਣਾਇਆ ਸੀ ਅਤੇ ਉਹ ਇਹ ਕਾਮਯਾਬੀ ਹਾਸਲ ਕਰਨ ਵਾਲਾ ਦੁਨੀਆਂ ਦਾ ਪਹਿਲਾ ਬੱਲੇਬਾਜ਼ ਵੀ ਬਣ ਗਿਆ ਹੈ।
ਇਕ ਦਿਨਾਂ ਰੈਂਕਿੰਗ 'ਚ ਅਜੇ ਵੀ ਵਿਰਾਟ ਕੋਹਲੀ ਸਰਵੋਤਮ 876 ਅੰਕਾਂ ਨਾਲ ਬੱਲੇਬਾਜ਼ੀ ਰੈਂਕਿੰਗ 'ਚ ਅਪਣੇ ਪਹਿਲੇ ਸਥਾਨ 'ਤੇ ਬਰਕਰਾਰ ਹੈ। ਉਹ ਅਪਣੇ ਵਿਆਹ ਕਾਰਨ ਸ੍ਰੀਲੰਕਾ ਵਿਰੁਧ ਸੀਮਤ ਓਵਰ ਲੜੀ 'ਚ ਖੇਡ ਨਹੀਂ ਸਕਿਆ ਹੈ। ਹਾਲਾਂ ਕਿ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਦੋ ਸਥਾਨਾਂ ਦੇ ਸੁਧਾਰ ਨਾਲ ਹੁਣ ਪੰਜਵੀਂ ਰੈਂਕਿੰਗ 'ਤੇ ਆ ਗਿਆ ਹੈ। ਇਹ ਪਹਿਲਾ ਮੌਕਾ ਵੀ ਹੈ, ਜਦੋਂ ਉਸ ਨੇ 800 ਰੇਟਿੰਗ ਅੰਕਾਂ ਦਾ ਅੰਕੜਾ ਪਾਰ ਕੀਤਾ ਹੈ। ਰੋਹਿਤ ਬੀਤੇ ਸਾਲ ਫ਼ਰਵਰੀ 'ਚ ਕੈਰੀਅਰ ਦੀ ਸਰਵੋਤਮ ਤੀਜੀ ਰੈਂਕਿੰਗ 'ਤੇ ਪਹੁੰਚਿਆ ਸੀ। (ਏਜੰਸੀ)