
ਜਲੰਧਰ, 3 ਨਵੰਬਰ (ਸਤਨਾਮ ਸਿੰਘ ਸਿੱਧੂ): ਵਾਰ-ਵਾਰ ਅਪਣੀ ਸ਼ੂਟਿੰਗ ਸਕਿੱਲਜ਼ ਵਿਖਾਉਂਦਿਆਂ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਟੀ ਦੇ ਐਮਬੀਏ ਦੇ ਵਿਦਿਆਰਥੀ ਅਮਨਪ੍ਰੀਤ ਨੇ ਹੁਣ ਅਪਣੇ ਆਪ ਨੂੰ ਸੰਸਾਰ ਦੇ ਇਕ ਸਥਾਪਤ ਸ਼ੂਟਿੰਗ ਸਟਾਰ ਦੇ ਤੌਰ 'ਤੇ ਸਿੱਧ ਕਰ ਵਿਖਾਉਂਦਿਆਂ ਅੱਜ ਗੋਲਡ ਕੋਸਟ ਆਸਟ੍ਰੇਲੀਆ 'ਚ ਕਾਮਨਵੈਲਥ ਸ਼ੂਟਿੰਗ ਚੈਂਪੀਅਨਸ਼ਿਪ ਦੇ 50 ਮੀਟਰ ਪਿਸਟਲ ਇਵੈਂਟ 'ਚ ਭਾਰਤ ਲਈ ਚਾਂਦੀ ਤਮਗ਼ਾ ਜਿਤਿਆ ਹੈ। ਜ਼ਿਕਰਯੋਗ ਪ੍ਰਾਪਤੀ ਤਹਿਤ ਇਸ ਪਿਸਟਲ ਇਵੈਂਟ 'ਚ ਅਮਨਪ੍ਰੀਤ ਸਹਿਤ ਭਾਰਤ ਦੇ ਤਿੰਨ ਸ਼ੂਟਰਜ਼ ਨੇ ਤਿੰਨੋ ਟਾਪ ਤਮਗ਼ਿਆਂ ਨੂੰ ਪ੍ਰਾਪਤ ਕੀਤਾ ਜਿਸ ਵਿਚ ਪ੍ਰਕਾਸ਼ ਨਨਜੱਪਾ ਨੇ ਸੋਨ ਤਮਗ਼ਾ ਅਤੇ ਜੀਤੂ ਰਾਇ ਨੇ ਬ੍ਰਾਨਜ਼ ਸੋਨ ਤਮਗ਼ਾ ਅਤੇ ਵਿਕਟਰੀ ਸਟੈਂਡ ਦੇ ਤਿੰਨਾਂ ਪਦਾਂ 'ਤੇ ਭਾਰਤ ਦੇ ਸ਼ੂਟਰਜ਼ ਨੇ ਤਿਰੰਗੇ ਨੂੰ ਹੀ ਬਾਖ਼ੂਬੀ ਲਹਿਰਾਉਂਦੇ ਵੇਖਿਆ।
ਇਸ ਤੋਂ ਪਹਿਲਾਂ ਵੀ ਅਮਨਪ੍ਰੀਤ ਸਿਲਵਰ ਅਤੇ ਬ੍ਰਾਨਜ਼ ਦੇ ਦੋ ਮੈਡਲ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫ਼ੈਡਰੇਸ਼ਨ ਦੁਆਰਾ ਆਯੋਜਿਤ ਵਰਲਡ-ਕੱਪ ਸ਼ੂਟਿੰਗ ਚੈਂਪੀਅਨਸ਼ਿਪ 'ਚ ਪ੍ਰਾਪਤ ਕਰ ਚੁੱਕਿਆ ਹੈ। ਅਮਨਪ੍ਰੀਤ ਹੁਣ ਸਾਲ 2020 'ਚ ਜਾਪਾਨ ਦੇ ਟੋਕੀਓ ਸ਼ਹਿਰ 'ਚ ਆਯੋਜਿਤ ਹੋਣ ਜਾ ਰਹੀ ਉਲੰਪਿਕ ਖੇਡਾਂ ਦੌਰਾਨ ਸੋਨ ਤਮਗ਼ੇ 'ਤੇ ਨਜ਼ਰਾਂ ਟਿਕਾਈ ਬੈਠਾ ਹੈ।
ਅਮਨਪ੍ਰੀਤ ਅਤੇ ਹੋਰ ਭਾਰਤੀ ਸ਼ੂਟਰਜ਼ ਨੂੰ ਉਨ੍ਹਾਂ ਦੀ ਸ਼ਾਨਦਾਰ ਅਤੇ ਜਿਕਰਯੋਗ ਜਿੱਤ 'ਤੇ ਵਧਾਈ ਦਿੰਦਿਆਂ ਐਲਪੀਯੂ ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ ਦਾ ਕਹਿਣਾ ਹੈ-'ਅਮਨਪ੍ਰੀਤ ਦੀ ਸਕਿਲਜ਼ ਦੀ ਬਾਖੂਬੀ ਸ਼ਲਾਘਾ ਕਰਦਿਆਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਦੇ ਯੁਵਾਵਾਂ 'ਚ ਟੈਲੇਂਟ ਦੀ ਕੋਈ ਕਮੀ ਨਹੀਂ ਹੈ। ਲੋੜ ਹੈ ਤਾਂ ਕੇਵਲ ਉਸਨੂੰ ਪਹਿਚਾਣਨ ਦੀ ਅਤੇ ਹੁਲਾਰਾ ਦੇਣ ਦੀ।