
ਐਸ.ਏ.ਐਸ.ਨਗਰ: 28 ਨਵੰਬਰ (ਸੁਖਦੀਪ ਸਿੰਘ ਸੋਈ): ਅੰਤਰ-ਰਾਸ਼ਟਰੀ ਸਿੱਖ ਸਪੋਰਟਸ ਕੌਂਸਲ ਵਲੋਂ ਮਾਤਾ ਸਾਹਿਬ ਕੌਰ ਹਾਕੀ ਅਕਾਦਮੀ ਜਰਖੜ ਦੇ ਸਹਿਯੋਗ ਨਾਲ ਸਿੱਖ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਅਤੇ ਹਾਕੀ ਪ੍ਰਤੀ ਪ੍ਰੇਰਿਤ ਕਰਨ ਲਈ ਸ਼ੁਰੂ ਕੀਤਾ ਜਾ ਰਿਹਾ ਪਹਿਲਾ ਕੇਸਾਧਾਰੀ ਸਿੱਖ ਅੰਡਰ-19 ਸਕੂਲਜ਼ ਅਕਾਦਮੀਆਂ ਦਾ ਹਾਕੀ ਟੂਰਨਾਮੈਂਟ 2 ਤੋਂ 6 ਦਸੰਬਰ ਤਕ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਕਰਵਾਇਆ ਜਾ ਰਿਹਾ ਹੈ।ਕੌਂਸਲ ਦੇ ਪ੍ਰਧਾਨ ਜਸਵੀਰ ਸਿੰਘ ਮੁਹਾਲੀ, ਡਾਇਰੈਕਟਰ ਕਰਨੈਲ ਸਿੰਘ ਪੀਰ ਮੁਹੱਮਦ ਨੇ ਦਸਿਆ ਕਿ ਇਸ ਟੂਰਨਾਮੈਂਟ ਦਾ ਮੁੱਖ ਮਕਸਦ ਬੱਚਿਆਂ ਨੂੰ ਸਿੱਖੀ ਪ੍ਰਤੀ ਜੋੜਨ ਅਤੇ ਕੌਮੀ ਖੇਡ ਹਾਕੀ ਨੂੰ ਪ੍ਰਫੁੱਲਤ ਕਰਨ ਦਾ ਹੈ। ਇਸ ਵਿਚ ਉਤਰ ਭਾਰਤ ਦੀਆਂ ਨਾਮੀ 8 ਅਕਾਦਮੀਆਂ ਹਿੱਸਾ ਲੈਣਗੀਆਂ ਜਿਨ੍ਹਾਂ ਵਿਚ ਓਲੰਪੀਅਨ ਸੁਰਜੀਤ ਅਕਾਦਮੀ ਜਲੰਧਰ, ਚੰਡੀਗੜ੍ਹ ਅਕਾਦਮੀ 42 ਸੈਕਟਰ, ਪੀ.ਆਈ.ਐਸ ਅਕਾਦਮੀ ਮੁਹਾਲੀ, ਬਾਬਾ ਉਤਮ ਸਿੰਘ ਅਕਾਦਮੀ ਖਡੂਰ ਸਾਹਿਬ, ਗਰੇਵਾਲ ਅਕਾਦਮੀ ਕਿਲ੍ਹਾ ਰਾਏਪੁਰ, ਮਾਤਾ ਸਾਹਿਬ ਕੌਰ ਹਾਕੀ ਅਕਾਦਮੀ ਜਰਖੜ, ਧਿਆਨ ਸਿੰਘ ਅਕਾਦਮੀ ਜੰਮੂ ਕਸ਼ਮੀਰ, ਸ੍ਰੋਮਣੀ ਕਮੇਟੀ ਹਾਕੀ ਅਕਾਦਮੀ ਅੰਮ੍ਰਿਤਸਰ ਹਿੱਸਾ ਲੈਣਗੀਆਂ।
ਕੌਂਸਲ ਦੇ ਜਨਰਲ ਸਕੱਤਰ ਮਹਾਂਵੀਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਦਸਿਆ ਕਿ ਚੈਂਪੀਅਨ ਟੀਮ ਨੂੰ 51,000 ਰੁਪਏ, ਉਪ-ਜੇਤੂ ਨੂੰ 31,000 ਰੁਪਏ ਜਦਕਿ ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 21,000 ਰੁਪਏ ਦੀ ਇਨਾਮੀ ਰਾਸ਼ੀ ਅਤੇ ਯਾਦਗਾਰੀ ਟਰਾਫ਼ੀਆਂ ਦਿਤੀਆਂ ਜਾਣਗੀਆਂ। ਇਹ ਟੂਰਨਾਮੈਂਟ ਲੀਗ ਕਮ ਨਾਕ-ਆਉਟ ਪ੍ਰਣਾਲੀ ਦੇ ਆਧਾਰ 'ਤੇ ਖੇਡਿਆ ਜਾਵੇਗਾ। 8 ਟੀਮਾਂ ਨੂੰ ਵੱਖ-ਵੱਖ 2-2 ਪੂਲਾਂ ਵਿਚ ਵੰਡਿਆ ਜਾਵੇਗਾ। ਇਸ ਟੂਰਨਾਮੈਂਟ ਦੇ ਹਰ ਰੋਜ਼ 4 ਮੈਚ ਹੋਣਗੇ ਜਿਨ੍ਹਾਂ ਵਿਚ 2 ਮੈਚ ਸੂਰਜ ਦੀ ਰੌਸ਼ਨੀ ਵਿਚ ਅਤੇ ਦੋ ਮੈਚ ਫ਼ਲੱਡ ਲਾਈਟਾਂ ਦੀ ਰੌਸ਼ਨੀ ਵਿਚ ਖੇਡੇ ਜਾਣਗੇ। ਇਸ ਦੌਰਾਨ ਵੱਖ-ਵੱਖ ਟੀਮਾਂ ਦਾ ਮਾਰਚ ਪਾਸਟ ਤੋਂ ਇਲਾਵਾ ਗਤਕਾ ਅਤੇ ਹੋਰ ਸਿੱਖ ਸਭਿਆਚਾਰਕ ਵੰਨਗੀਆਂ ਖਿੱਚ ਦਾ ਕੇਂਦਰ ਹੋਣਗੀਆਂ। 6 ਦਸੰਬਰ ਨੂੰ ਹੋਣ ਵਾਲੇ ਫ਼ਾਈਨਲ ਅਤੇ ਪੰਜ ਦਸੰਬਰ ਨੂੰ ਖੇਡੇ ਜਾਣ ਵਾਲੇ ਸੈਮੀਫ਼ਾਈਨਲ ਮੈਚਾਂ ਦਾ ਅਕਾਲ ਚੈਨਲ ਯੂ.ਕੇ. ਤੋਂ ਸਿੱਧਾ ਪ੍ਰਸਾਰਣ ਹੋਵੇਗਾ।