ਪਾਣੀ ਭਰ ਜਾਣ ਕਾਰਨ ਝੋਨੇ ਦੀ ਕੱਟੀ ਹੋਈ ਫ਼ਸਲ ਹੋਈ ਬਰਬਾਦ, ਤਾਪਮਾਨ ’ਚ ਵੀ ਆਈ ਗਿਰਾਵਟ
ਪਟਨਾ : ਉਤਰ ਪ੍ਰਦੇਸ਼ ’ਚ ਤੂਫਾਨ ‘ਮੋਂਥਾ’ ਦਾ ਅਸਰ ਨਜ਼ਰ ਆਉਣ ਲੱਗਿਆ ਹੈ। ਸੂਬੇ ਦੇ ਲਗਭਗ 20 ਜ਼ਿਲਿ੍ਹਆਂ ’ਚ ਲਗਾਤਾਰ ਬਾਰਿਸ਼ ਹੋ ਰਹੀ ਹੈ। ਵਾਰਾਨਸੀ, ਬਲੀਆ, ਮਊ, ਆਜ਼ਮਗੜ੍ਹ, ਗਾਜ਼ੀਪੁਰ, ਜੌਨਪੁਰ, ਅਯੁੱਧਿਆ, ਗੌਂਡ ਅਤੇ ਪ੍ਰਯਾਗਰਾਜ ਸਮੇਤ ਕਈ ਸ਼ਹਿਰਾਂ ’ਚ ਲਗਾਤਾਰ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ।
ਪੇਂਡੂ ਇਲਾਕਿਆਂ ’ਚ ਖੇਤਾਂ ਵਿਚ ਪਾਣੀ ਭਰ ਜਾਣ ਕਾਰਨ ਝੋਨੇ ਦੀ ਕੱਟੀ ਹੋਈ ਫ਼ਸਲ ਬਰਬਾਦ ਹੋ ਗਈ ਹੈ। ਕਿਸਾਨ ਆਪਣੀਆਂ ਫ਼ਸਲਾਂ ਨੂੰ ਪਾਣੀ ’ਚੋਂ ਕੱਢ ਕੇ ਉਚੀਆਂ ਥਾਵਾਂ ’ਤੇ ਪਹੁੰਚਾਉਣ ਵਿਚ ਲੱਗੇ ਹੋਏ ਹਨ। ਵਾਰਾਨਸੀ ਵਿਚ ਪਿਛਲੇ 30 ਘੰਟਿਆਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ, ਜਿਸ ਨਾਲ ਤਾਪਮਾਨ ’ਚ ਆਈ ਗਿਰਾਵਟ ਨੇ ਪਿਛਲੇ 8 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਦੇ ਅਨੁਸਾਰ 2018 ਤੋਂ ਬਾਅਦ ਇਹ ਸਭ ਤੋਂ ਠੰਢਾ ਦੌਰ ਹੈ।
ਲਖਨਊ ’ਚ ਵੀ ਲਗਾਤਾਰ ਤੀਜੇ ਦਿਨ ਵੀ ਸੂਰਜ ਦੇ ਦਰਸ਼ਨ ਨਹੀਂ ਹੋਏ। ਅਸਮਾਨ ’ਚ ਸੰਘਣੇ ਬੱਦਲ ਛਾਏ ਹੋਏ ਜਿਸ ਦੇ ਚਲਦਿਆਂ ਦਿਨ ਵਿਚ ਠੰਢ ਮਹਿਸੂਸ ਕੀਤੀ ਜਾ ਰਹੀ ਹੈ। ਬਾਰਿਸ਼ ਦੇ ਚਲਦਿਆਂ ਸਕੂਲ ਜਾਣ ਬੱਚੇ ਰੇਨਕੋਟ ਅਤੇ ਛਤਰੀਆਂ ਲੈ ਕੇ ਘਰੋਂ ਨਿਕਲ ਰਹੇ ਅਨ। ਤੇਜ਼ ਚੱਲ ਰਹੀਆਂ ਠੰਢੀਆਂ ਹਵਾਵਾਂ ਕਾਰਨ ਸੂਬੇ ਦੇ ਕਈ ਜ਼ਿਲਿ੍ਹਆਂ ’ਚ ਠੰਢ ਵਧ ਗਈ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਤੱਕ ਪੁਰਵਾਂਚਲ ਅਤੇ ਮੱਧ ਯੂਪੀ ’ਚ ਹਲਕੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਹੈ। ਕਿਸਾਨਾਂ ਨੂੰ ਫ਼ਿਲਹਾਲ ਫਸਲਾਂ ਦੀ ਕਟਾਈ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।
