ਸੁਪਰਡੈਂਟ ਸਮੇਤ ਤਿੰਨ ਅਧਿਕਾਰੀਆਂ ਵਿਰੁੱਧ ਕੀਤੀ ਗਈ ਕਾਰਵਾਈ
ਉਨਾਵ (ਉਤਰ ਪ੍ਰਦੇਸ਼) : ਉਤਰ ਪ੍ਰਦੇਸ਼ ’ਚ ਉਨਾਵ ਜ਼ਿਲ੍ਹੇ ਦੇ ਸਫੀਪੁਰ ਕਮਿਊਨਿਟੀ ਸਿਹਤ ਕੇਂਦਰ (ਸੀ.ਐਚ.ਸੀ.) ਦੇ ਸਿਹਤ ਕਰਮਚਾਰੀਆਂ ਨੇ ਦੱਸਿਆ ਕਿ ਹਸਪਤਾਲ ਦੇ ਅਹਾਤੇ ਵਿਚ ਦਵਾਈਆਂ ਦੀਆਂ ਲਗਭਗ 10 ਤੋਂ 12 ਬੋਰੀਆਂ ਸਾੜ ਦਿੱਤੀਆਂ ਗਈਆਂ। ਜਿਨ੍ਹਾਂ ਵਿਚ ਕਈ ਜ਼ਰੂਰੀ ਦਵਾਈਆਂ ਵੀ ਸ਼ਾਮਲ ਸਨ ਜੋ 2026 ਤੱਕ ਵਰਤਣਯੋਗ ਸਨ। ਮੁੱਖ ਮੈਡੀਕਲ ਅਫ਼ਸਰ ਡਾ. ਸੱਤਿਆ ਪ੍ਰਕਾਸ਼ ਨੇ ਘਟਨਾ ਦਾ ਨੋਟਿਸ ਲੈਂਦਿਆਂ ਸੀ.ਐਚ.ਸੀ. ਸੁਪਰਡੈਂਟ ਅਤੇ ਫਾਰਮਾਸਿਸਟ ਨੂੰ ਹਟਾ ਦਿੱਤਾ ਅਤੇ ਉਨ੍ਹਾਂ ਨੂੰ ਸੀ.ਐਮ.ਓ. ਦਫ਼ਤਰ ਨਾਲ ਜੋੜ ਦਿੱਤਾ।
ਸਥਾਨਕ ਲੋਕਾਂ ਨੇ ਦੱਸਿਆ ਕਿ ਜਦੋਂ ਉਹ ਇਮਾਰਤ ’ਚੋਂ ਧੂੰਆਂ ਉਠਦਾ ਦੇਖ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਸਿਰਪ ਦੀਆਂ ਬੋਤਲਾਂ, ਟੀਕੇ, ਟੈਬਲੇਟ ਅਤੇ ਪੱਟੀਆਂ ਸੜੀਆਂ ਹੋਈਆਂ ਮਿਲੀਆਂ। ਸੜੀਆਂ ਦਵਾਈਆਂ ’ਤੇ ਪਈਆਂ ਤਰੀਕਾਂ ਤੋਂ ਪਤਾ ਚਲਦਾ ਹੈ ਕਿ ਉਹ ਅਜੇ ਖਤਮ ਨਹੀਂ ਹੋਈਆਂ ਸਨ। ਸੂਤਰਾਂ ਨੇ ਦੱਸਿਆ ਸੜੀਆਂ ਹੋਈਆਂ ਦਵਾਈਆਂ ਵਿਚ ਕਈ ਜ਼ਰੂਰੀ ਦਵਾਈਆਂ ਵੀ ਸ਼ਾਮਲ ਸਨ, ਜੋ ਆਮ ਤੌਰ ’ਤੇ ਮੌਸਮੀ ਬਿਮਾਰੀਆਂ ਲਈ ਵਰਤੀਆਂ ਜਾਂਦੀਆਂ ਹਨ। ਰੋਜ਼ਾਨਾ ਲਗਭਗ 250 ਤੋਂ 300 ਮਰੀਜ਼ ਇਲਾਜ ਲਈ ਸਫੀਪੁਰ ਸੀ.ਐਚ.ਸੀ. ਵਿਖੇ ਆਉਂਦੇ ਹਨ ਜਿਨ੍ਹਾਂ ’ਚੋਂ ਬਹੁਤਿਆਂ ਨੂੰ ਇਨ੍ਹਾਂ ਦਵਾਈਆਂ ਦੀ ਲੋੜ ਹੁੰਦੀ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਸਿਹਤ ਵਿਭਾਗ ’ਚ ਹੜਕੰਪ ਮਚ ਗਿਆ। ਸੀ.ਐਮ.ਓ. ਡਾ. ਸੱਤਿਆ ਪ੍ਰਕਾਸ਼ ਨੇ ਦੱਸਿਆ ਕਿ ਇਸ ਮਾਮਲੇ ’ਚ ਸਫੀਪੁਰ ਸੀ.ਐਚ.ਸੀ. ਇੰਚਾਰਜ ਡਾ. ਰਾਜੇਸ਼ ਵਰਮਾ ਅਤੇ ਫਾਰਮਾਸਿਸਟ ਪ੍ਰੇਮ ਸ਼ੰਕਰ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਗਿਆ ਹੈ ਅਤੇ ਜਾਂਚ ਤੱਕ ਉਨ੍ਹਾਂ ਨੂੰ ਸੀ.ਐਮ.ਓ.ਦਫ਼ਤਰ ਨਾਲ ਜੋੜ ਦਿੱਤਾ ਗਿਆ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ 2026 ਦੀ ਮਿਆਦ ਪੁੱਗਣ ਦੀ ਤਰੀਕ ਵਾਲੀਆਂ ਕੁਝ ਦਵਾਈਆਂ ਵੀ ਸਾੜੀਆਂ ਗਈਆਂ ਸਨ, ਤਾਂ ਉਨ੍ਹਾਂ ਕਿਹਾ ਕਿ ਜਾਂਚ ਚੱਲ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਸਬੰਧਤ ਤੱਥ ਸਾਹਮਣੇ ਆਉਣਗੇ।
ਇਸ ਦੌਰਾਨ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਦਵਾਈਆਂ ਦੀ ਵਰਤਣ ਸਮਾਂ ਸੀਮਾ ਸਮਾਪਤ ਹੋਈ ਹੋਵੇ ਚਾਹੇ ਨਾ ਪਰ ਦਵਾਈਆਂ ਨੂੰ ਇਸ ਤਰ੍ਹਾਂ ਸਾੜਨਾ ਗਲਤ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
