
ਸਲਮਾਨ ਤਿਆਗੀ ਦੇ ਲਾਰੈਂਸ ਬਿਸ਼ਨੋਈ ਨਾਲ ਸਨ ਸਬੰਧ
ਨਵੀਂ ਦਿੱਲੀ : ਦਿੱਲੀ ਦੀ ਮੰਡੋਲੀ ਜੇਲ੍ਹ ’ਚ ਬੰਦ ਪੱਛਮੀ ਉਤਰ ਪ੍ਰਦੇਸ਼ ਦੇ ਗੈਂਗਸਟਰ ਸਲਮਾਨ ਤਿਆਗੀ ਨੇ ਫੰਦਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਉਸ ਦੀ ਲਾਸ਼ ਅੱਜ ਸ਼ਨੀਵਾਰ ਨੂੰ ਜੇਲ੍ਹ ’ਚ ਚਾਦਰ ਨਾਲ ਲਟਕਦੀ ਹੋਈ ਮਿਲੀ, ਜਿਸ ਨੂੰ ਪੁਲਿਸ ਹੇਠ ਉਤਰਵਾਇਆ। ਇਸ ਘਟਨਾ ਤੋਂ ਬਾਅਦ ਮੰਡੋਲੀ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਗਏ ਹਨ।
ਸਲਮਾਨ ਤਿਆਗੀ ਖਿਲਾਫ ਕਤਲ, ਜਬਰੀ ਵਸੂਲੀ ਅਤੇ ਅਸਲਾ ਐਕਟ ਵਰਗੀਆਂ ਗੰਭੀਰ ਧਾਰਾਵਾਂ ਤਹਿਤ ਕਈ ਮਾਮਲੇ ਦਰਜ ਸਨ। ਇੰਨਾ ਹੀ ਨਹੀਂ ਮਹਾਰਾਸ਼ਟਰ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ ਨੇ ਉਸ ਵਿਰੁੱਧ ‘ਮਕੋਕਾ’ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਰਿਕਾਰਡ ਅਨੁਸਾਰ, ਸਲਮਾਨ ਤਿਆਗੀ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਨੀਰਜ ਬਵਾਨਾ ਨਾਲ ਜੁੜਿਆ ਰਿਹਾ ਹੈ। ਉਸ ਨੇ ਦੋਵਾਂ ਲਈ ਕੰਮ ਕੀਤਾ ਸੀ ਅਤੇ ਕਈ ਅਪਰਾਧ ਕੀਤੇ ਸਨ। ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਦਕਿ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਖੁਦਕੁਸ਼ੀ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ।