ਠੰਢ ਤੋਂ ਬਚਣ ਲਈ ਪਰਿਵਾਰ ਨੇ ਕਮਰੇ ਵਿਚ ਬਾਲੀ ਸੀ ਅੰਗੀਠੀ
Brother and sister die due to fire in Moradabad News: ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਛਜਲਤ ਵਿੱਚ, ਠੰਢ ਤੋਂ ਬਚਣ ਲਈ ਇੱਕ ਕਮਰੇ ਵਿੱਚ ਬਾਲੀ ਅੰਗੀਠੀ ਇੱਕ ਪਰਿਵਾਰ ਦੇ ਦੋ ਮਾਸੂਮ ਬੱਚਿਆਂ ਲਈ ਘਾਤਕ ਸਾਬਤ ਹੋਈ। ਪ੍ਰਵਾਰ ਦੇ ਦੋ ਮਾਸੂਮ ਬੱਚਿਆਂ ਅਹਿਲ (4) ਅਤੇ ਉਸ ਦੀ ਭੈਣ ਆਇਰਾ (3) ਦੀ ਅੰਗੀਠੀ ਦੇ ਧੂੰਏਂ ਕਾਰਨ ਮੌਤ ਹੋ ਗਈ। ਬੱਚਿਆਂ ਦੇ ਮਾਤਾ-ਪਿਤਾ ਅਤੇ ਇੱਕ ਭਰਾ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਜਾਵੇਦ ਮੁਰਾਦਾਬਾਦ-ਹਰਿਦੁਆਰ ਰੋਡ 'ਤੇ ਚਾਹ ਦੀ ਦੁਕਾਨ ਚਲਾਉਂਦਾ ਹੈ। ਉਸ ਦਾ ਘਰ ਦੁਕਾਨ ਤੋਂ ਥੋੜ੍ਹੀ ਦੂਰੀ 'ਤੇ ਹੈ। ਪਰਿਵਾਰਕ ਮੈਂਬਰਾਂ ਅਨੁਸਾਰ, ਜਾਵੇਦ (35) ਵੀਰਵਾਰ ਰਾਤ ਨੂੰ ਲਗਭਗ 11:00 ਵਜੇ ਇੱਕ ਕਮਰੇ ਵਿੱਚ ਆਪਣੀ ਪਤਨੀ ਸ਼ਾਹਇਸਤਾ (32), ਪੁੱਤਰਾਂ ਸ਼ਿਫਾਨ (6), ਅਹਿਲ (4) ਅਤੇ ਧੀ ਆਇਰਾ (3) ਨਾਲ ਸੌਂ ਗਿਆ। ਪ੍ਰਵਾਰ ਨੂੰ ਕੜਾਕੇ ਦੀ ਠੰਢ ਤੋਂ ਬਚਾਉਣ ਲਈ ਜਾਵੇਦ ਨੇ ਕਮਰੇ ਵਿਚ ਅੰਗੀਠੀ ਬਾਲੀ ਤੇ ਪੂਰਾ ਪ੍ਰਵਾਰ ਅੰਦਰ ਸੌਂ ਗਿਆ।
ਜਦੋਂ ਸ਼ੁੱਕਰਵਾਰ ਸਵੇਰੇ ਕਰੀਬ 9 ਵਜੇ ਤੱਕ ਜਾਵੇਦ ਦੇ ਕਮਰੇ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ, ਤਾਂ ਜਾਵੇਦ ਦੇ ਭਤੀਜੇ ਆਮਿਰ ਖਾਨ ਅਤੇ ਸਾਲਾ ਸਲਾਹੁਦੀਨ, ਜੋ ਨਾਲ ਵਾਲੇ ਕਮਰੇ ਵਿੱਚ ਸੁੱਤੇ ਪਏ ਸਨ, ਨੇ ਦਰਵਾਜ਼ਾ ਖੜਕਾਇਆ। ਥੋੜ੍ਹੀ ਦੇਰ ਬਾਅਦ, ਜਾਵੇਦ ਨੇ ਲੜਖੜਾਉਂਦਿਆਂ ਕਦਮਾਂ ਨਾਲ ਦਰਵਾਜ਼ਾ ਖੋਲ੍ਹਿਆ। ਉਹ ਅੱਧ-ਬੇਹੋਸ਼ ਸੀ। ਉਸ ਦਾ ਭਤੀਜਾ ਕਮਰੇ ਵਿਚ ਦਾਖ਼ਲ ਹੋਇਆ ਅਤੇ ਉਸ ਨੂੰ ਕੋਲੇ ਦੇ ਧੂੰਏਂ ਦੀ ਬਦਬੂ ਆਈ।
ਜਾਵੇਦ ਦੀ ਪਤਨੀ ਅਤੇ ਤਿੰਨ ਬੱਚੇ ਕਮਰੇ ਵਿੱਚ ਬਿਸਤਰੇ 'ਤੇ ਬੇਹੋਸ਼ ਪਏ ਸਨ। ਹੋਰਾਂ ਦੀ ਮਦਦ ਨਾਲ ਪਰਿਵਾਰਕ ਮੈਂਬਰ ਜਾਵੇਦ, ਉਸ ਦੀ ਪਤਨੀ, ਧੀ ਅਤੇ ਦੋਵੇਂ ਪੁੱਤਰਾਂ ਨੂੰ ਛਜਲਾਤ ਦੇ ਇੱਕ ਨਿੱਜੀ ਹਸਪਤਾਲ ਲੈ ਗਏ। ਜਿਥੇ 2 ਮਾਸੂਮ ਬੱਚਿਆਂ ਦੀ ਮੌਤ ਹੋ ਗਈ ਤੇ ਜਾਵੇਦ, ਸ਼ਾਹਇਸਤਾ ਅਤੇ ਸ਼ਿਫਾਨ ਦਾ ਇਲਾਜ ਚੱਲ ਰਿਹਾ ਹੈ।
