ਕਿਹਾ, ‘ਇੰਡੀਆ’ ਗਠਜੋੜ, ਸਮਾਜਵਾਦੀ ਪਾਰਟੀ ਵਲੋਂ ਜਿੱਤੀ ਹਰ ਸੀਟ ਉਤੇ 50,000 ਤੋਂ ਵੱਧ ਵੋਟਾਂ ਨੂੰ ਹਟਾਉਣ ਦੀ ਹੋ ਰਹੀ ਸਾਜ਼ਸ਼
ਲਖਨਊ: ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਅਤੇ ਚੋਣ ਕਮਿਸ਼ਨ ਉਤੇ ਦੋਸ਼ ਲਾਇਆ ਕਿ ਹਰ ਉਸ ਵਿਧਾਨ ਸਭਾ ਹਲਕੇ ਤੋਂ 50,000 ਤੋਂ ਵੱਧ ਵੋਟਰਾਂ ਨੂੰ ਹਟਾਉਣ ਦੀ ਸਾਜ਼ਸ਼ ਰਚ ਰਹੀ ਹੈ ਜਿਸ ਉਤੇ 2024 ਵਿਚ ‘ਇੰਡੀਆ’ ਗਠਜੋੜ ਅਤੇ ਸਮਾਜਵਾਦੀ ਪਾਰਟੀ ਦੀ ਜਿੱਤ ਹੋਈ ਸੀ।
ਇਹ ਦੋਸ਼ ਉੱਤਰ ਪ੍ਰਦੇਸ਼ ਅਤੇ 11 ਹੋਰ ਸੂਬਿਆਂ ਦੀਆਂ ਵੋਟਰ ਸੂਚੀਆਂ ਵਿਚ ਚੱਲ ਰਹੀ ਵਿਸ਼ੇਸ਼ ਸੋਧ ਦੇ ਵਿਚਕਾਰ ਆਏ ਹਨ। ਅਪਣੇ ਪਿਤਾ ਮੁਲਾਇਮ ਸਿੰਘ ਯਾਦਵ ਦੇ ਜਨਮ ਦਿਨ ਉਤੇ ਪਾਰਟੀ ਹੈੱਡਕੁਆਰਟਰ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਸਾਨੂੰ ਸੂਚਨਾ ਮਿਲੀ ਹੈ ਕਿ ਉੱਤਰ ਪ੍ਰਦੇਸ਼ ਅਤੇ ਪਛਮੀ ਬੰਗਾਲ ’ਚ ਭਾਜਪਾ ਚੋਣ ਕਮਿਸ਼ਨ ਨਾਲ ਮਿਲ ਕੇ ਵੱਡੀ ਤਿਆਰੀ ਕਰ ਰਹੀ ਹੈ। ਵਿਆਹ ਦੇ ਮੌਸਮ ਦੌਰਾਨ ਐਸ.ਆਈ.ਆਰ. ਨਹੀਂ ਕੀਤੀ ਜਾਣੀ ਚਾਹੀਦੀ ਅਤੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਜਾਵੇ ਕਿ ਉੱਤਰ ਪ੍ਰਦੇਸ਼ ਵਿਚ ਵੋਟਰ ਸੂਚੀ ਦੀ ਸਫਾਈ ਅਭਿਆਸ ਦੀ ਸਮਾਂ-ਸੀਮਾ ਵਧਾਈ ਜਾਵੇ।’’
ਚੋਣ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ 2022 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ 255 ਸੀਟਾਂ ਜਿੱਤਣ ਵਾਲੀ ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਸਿਰਫ 162 ਵਿਧਾਨ ਸਭਾ ਹਲਕਿਆਂ ਉਤੇ ਅੱਗੇ ਸੀ। ਦੂਜੇ ਪਾਸੇ, 2022 ਵਿਚ 111 ਵਿਧਾਨ ਸਭਾ ਸੀਟਾਂ ਜਿੱਤਣ ਵਾਲੀ ਸਮਾਜਵਾਦੀ ਪਾਰਟੀ ਪਿਛਲੇ ਸਾਲ ਦੀਆਂ ਆਮ ਚੋਣਾਂ ਵਿਚ 183 ਸੀਟਾਂ ਉਤੇ ਅੱਗੇ ਸੀ।
ਉਨ੍ਹਾਂ ਕਿਹਾ ਕਿ 2022 ’ਚ ਸਿਰਫ ਦੋ ਵਿਧਾਨ ਸਭਾ ਸੀਟਾਂ ਉਤੇ ਜਿੱਤ ਹਾਸਲ ਕਰਨ ਵਾਲੀ ਕਾਂਗਰਸ ਨੇ ਆਮ ਚੋਣਾਂ ’ਚ 40 ਵਿਧਾਨ ਸਭਾ ਹਲਕਿਆਂ ’ਚ ਲੀਡ ਹਾਸਲ ਕੀਤੀ ਸੀ। ਅੰਕੜਿਆਂ ਵਲ ਇਸ਼ਾਰਾ ਕਰਦੇ ਹੋਏ ਯਾਦਵ ਨੇ ਦੋਸ਼ ਲਾਇਆ ਕਿ ਭਾਜਪਾ ਨੇ ਜ਼ਮੀਨ ਗੁਆਉਣ ਤੋਂ ਬਾਅਦ ‘ਸਾਜ਼ਸ਼’ ਵਜੋਂ ਐੱਸ.ਆਈ.ਆਰ. ਨੂੰ ਲਿਆਂਦਾ।
ਉਨ੍ਹਾਂ ਕਿਹਾ, ‘‘ਅਸੀਂ ਚੋਣ ਕਮਿਸ਼ਨ ਤੋਂ ਨਿਰਪੱਖਤਾ ਦੀ ਉਮੀਦ ਕਰਦੇ ਸੀ ਪਰ ਉੱਤਰ ਪ੍ਰਦੇਸ਼ ’ਚ ਹਾਲ ਹੀ ’ਚ ਹੋਈਆਂ ਜ਼ਿਮਨੀ ਚੋਣਾਂ ’ਚ ਇਸ ਦੀ ਭੂਮਿਕਾ ਨੇ ਚਿੰਤਾਵਾਂ ਪੈਦਾ ਕਰ ਦਿਤੀਆਂ ਹਨ। ਅਸੀਂ ਕਈ ਸ਼ਿਕਾਇਤਾਂ ਦਰਜ ਕਰਵਾਈਆਂ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।’’
ਯਾਦਵ ਨੇ ਇਹ ਵੀ ਕਿਹਾ, ‘‘ਭਾਜਪਾ ਸਰਕਾਰ ਅਤੇ ਚੋਣ ਕਮਿਸ਼ਨ ਐਸ.ਆਈ.ਆਰ. ਨੂੰ ਬਹਾਨੇ ਵਜੋਂ ਵਰਤ ਕੇ ਸਮਾਜਵਾਦੀ ਪਾਰਟੀ ਜਾਂ ‘ਇੰਡੀਆ’ ਬਲਾਕ ਵਲੋਂ ਜਿੱਤੇ ਗਏ ਹਰ ਵਿਧਾਨ ਸਭਾ ਹਲਕੇ ਤੋਂ 50,000 ਤੋਂ ਵੱਧ ਵੋਟਰਾਂ ਨੂੰ ਹਟਾਉਣ ਦੀ ਤਿਆਰੀ ਕਰ ਰਹੇ ਹਨ। ਇਹ ਉੱਤਰ ਪ੍ਰਦੇਸ਼ ਅਤੇ ਪੱਛਮ ਬੰਗਾਲ ਵਿਚ ਹੋ ਰਿਹਾ ਹੈ। ਅਸੀਂ ਚੌਕਸ ਹਾਂ।’’
ਸਮਾਜਵਾਦੀ ਪਾਰਟੀ ਦੇ ਮੁਖੀ ਨੇ ਅੱਗੇ ਦਾਅਵਾ ਕੀਤਾ ਕਿ ਭਾਜਪਾ ਅਤੇ ਚੋਣ ਕਮਿਸ਼ਨ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੁੱਖ ਤੌਰ ਉਤੇ ਉੱਤਰ ਪ੍ਰਦੇਸ਼ ਅਤੇ ਪਛਮੀ ਬੰਗਾਲ ਉਤੇ ਧਿਆਨ ਕੇਂਦਰਿਤ ਕਰ ਰਹੇ ਹਨ।
