
ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ
ਦੇਹਰਾਦੂਨ, 11 ਜੁਲਾਈ : ਉਤਰਾਖੰਡ ਪੁਲਿਸ ਨੇ ਦੇਹਰਾਦੂਨ ਜ਼ਿਲ੍ਹੇ ਦੇ ਤਿਊਨੀ ਇਲਾਕੇ ’ਚ ਇਕ ਕਾਰ ਵਿਚੋਂ 125 ਕਿਲੋਗ੍ਰਾਮ ਭਾਰ ਦਾ ਡਾਇਨਾਮਾਈਟ ਬਰਾਮਦ ਕਰ ਕੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੇਹਰਾਦੂਨ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐੱਸ.ਐੱਸ.ਪੀ.) ਅਜੇ ਸਿੰਘ ਨੇ ਦਸਿਆ ਕਿ ਵੀਰਵਾਰ ਨੂੰ ਪੁਲਿਸ ਨੇ ਰਾਜ ਵਿਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਚੈਕਿੰਗ ਮੁਹਿੰਮ ਦੌਰਾਨ ਹਿਮਾਚਲ ਪ੍ਰਦੇਸ਼ ਰਜਿਸਟ੍ਰੇਸ਼ਨ ਨੰਬਰ ਵਾਲੀ ਇਕ ਆਲਟੋ ਕਾਰ ਨੂੰ ਰੋਕਿਆ।
ਉਨ੍ਹਾਂ ਦਸਿਆ ਕਿ ਗੱਡੀ ਦੀ ਤਲਾਸ਼ੀ ਦੌਰਾਨ ਪੰਜ ਡੱਬਿਆਂ ’ਚ ਰੱਖਿਆ ਡਾਇਨਾਮਾਈਟ ਬਰਾਮਦ ਕੀਤਾ ਗਿਆ। ਅਧਿਕਾਰੀ ਨੇ ਦਸਿਆ ਕਿ ਕਾਰ ਸਵਾਰ ਰਿੰਕੂ (37), ਸੁਨੀਲ (38) ਅਤੇ ਰੋਹਿਤ (19) ਇਹ ਸਾਬਤ ਕਰਨ ਲਈ ਜ਼ਰੂਰੀ ਦਸਤਾਵੇਜ਼ ਪੇਸ਼ ਕਰਨ ਵਿਚ ਅਸਮਰੱਥ ਸਨ ਕਿ ਉਨ੍ਹਾਂ ਕੋਲ ਵਿਸਫੋਟਕ ਸਮੱਗਰੀ ਕਾਨੂੰਨੀ ਤੌਰ ਉਤੇ ਸੀ।
ਇਸ ਤੋਂ ਬਾਅਦ ਵਿਸਫੋਟਕ ਐਕਟ 1884 ਦੀ ਧਾਰਾ 3/7 ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਧਿਕਾਰੀ ਨੇ ਦਸਿਆ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ- ਰਿੰਕੂ ਅਤੇ ਸੁਨੀਲ ਸ਼ਿਮਲਾ ਦੇ ਰਹਿਣ ਵਾਲੇ ਹਨ, ਜਦਕਿ ਰੋਹਿਤ ਸਿਰਮੌਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਪੰਚਾਇਤੀ ਚੋਣਾਂ 24 ਅਤੇ 28 ਜੁਲਾਈ ਨੂੰ ਦੋ ਪੜਾਵਾਂ ਵਿਚ ਹੋਣੀਆਂ ਹਨ।