ਕਾਰ ਸਵਾਰ 6 ਲੋਕ ਹੋਏ ਗੰਭੀਰ ਜ਼ਖ਼ਮੀ
ਉੱਤਰਾਖੰਡ ਦੇ ਨੈਨੀਤਾਲ ਵਿਚ ਅੱਜ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਯੂਪੀ ਰਜਿਸਟ੍ਰੇਸ਼ਨ ਪਲੇਟ ਵਾਲੀ ਇੱਕ ਸਕਾਰਪੀਓ 200 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿਚ ਡਰਾਈਵਰ ਦੀ ਮਾਂ, ਪਤਨੀ ਅਤੇ ਸਾਲੀ ਦੀ ਮੌਤ ਹੋ ਗਈ, ਜਦੋਂ ਕਿ ਕਾਰ ਵਿਚ ਸਵਾਰ ਛੇ ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ।
ਤਿੰਨ ਔਰਤਾਂ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ, ਭਵਾਲੀ ਪੁਲਿਸ ਨੇ ਕਿਹਾ ਕਿ ਇਹ ਹਾਦਸਾ ਸਵੇਰੇ 9.30 ਵਜੇ ਦੇ ਕਰੀਬ ਭਵਾਲੀ-ਅਲਮੋੜਾ ਰਾਸ਼ਟਰੀ ਰਾਜਮਾਰਗ 'ਤੇ ਵਾਪਰਿਆ। ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਪੁਲਿਸ ਨੂੰ ਹਾਦਸੇ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਅਤੇ ਐਸਡੀਆਰਐਫ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਸਥਾਨਕ ਲੋਕਾਂ ਨਾਲ ਮਿਲ ਕੇ ਕਾਰ ਵਿਚ ਫਸੇ ਲੋਕਾਂ ਨੂੰ ਬਚਾਇਆ।
ਜ਼ਖ਼ਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਨਜ਼ਦੀਕੀ ਸੀਐਚਸੀ ਸੈਂਟਰ ਭੇਜਿਆ ਗਿਆ, ਕੁਝ ਜ਼ਖ਼ਮੀਆਂ ਨੂੰ ਸੁਸ਼ੀਲਾ ਤਿਵਾੜੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ। ਸਾਰੇ ਜ਼ਖ਼ਮੀ ਉੱਤਰ ਪ੍ਰਦੇਸ਼ ਅਤੇ ਗੁਜਰਾਤ ਦੇ ਰਹਿਣ ਵਾਲੇ ਹਨ। ਉਹ ਸਵੇਰੇ ਦਰਸ਼ਨ ਲਈ ਕੈਂਚੀ ਧਾਮ ਜਾ ਰਹੇ ਸਨ, ਇਹ ਹਾਦਸਾ ਮੰਦਿਰ ਤੋਂ ਲਗਭਗ 5 ਕਿਲੋਮੀਟਰ ਪਹਿਲਾਂ ਵਾਪਰਿਆ। ਪੁਲਿਸ ਅਨੁਸਾਰ ਕਾਰ ਵਿੱਚ ਸਵਾਰ ਸਾਰੇ ਲੋਕ ਰਿਸ਼ਤੇਦਾਰ ਸਨ।
