
290 ਮੈਂਬਰੀ ਸੰਸਦ ਦੀ ਮੈਂਬਰਸ਼ਿਪ ਲਈ ਲਗਭਗ 15,000 ਉਮੀਦਵਾਰ ਮੈਦਾਨ ’ਚ
ਦੁਬਈ (ਸੰਯੁਕਤ ਅਰਬ ਅਮੀਰਾਤ): ਈਰਾਨ ’ਚ ਹਿਜਾਬ ਦੀ ਜ਼ਰੂਰਤ ਵਾਲੇ ਕਾਨੂੰਨਾਂ ਵਿਰੁਧ 2022 ’ਚ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸ਼ੁਕਰਵਾਰ ਨੂੰ ਪਹਿਲੀ ਵਾਰ ਸੰਸਦੀ ਚੋਣਾਂ ਲਈ ਵੋਟਿੰਗ ਹੋਈ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੀ (84) ਨੇ ਸੱਭ ਤੋਂ ਪਹਿਲਾਂ ਵੋਟ ਪਾਈ। ਖਾਮੇਨੀ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ ਪਰ ਦੇਸ਼ ਦੀ ਰਾਜਧਾਨੀ ਤਹਿਰਾਨ ਦੇ ਪੋਲਿੰਗ ਸਟੇਸ਼ਨਾਂ ’ਤੇ ਬਹੁਤ ਘੱਟ ਵੋਟਰ ਸਨ।
ਇਸ ਵੋਟ ਰਾਹੀਂ ਦੇਸ਼ ਦੀ ‘ਮਾਹਰਾਂ ਦੀ ਅਸੈਂਬਲੀ’ ਦੇ ਮੈਂਬਰ ਵੀ ਚੁਣੇ ਜਾਣਗੇ। ਖਾਮੇਨੀ ਨੂੰ ਹਟਾਉਣ ਜਾਂ ਉਨ੍ਹਾਂ ਦੀ ਮੌਤ ਹੋਣ ਦੀ ਸੂਰਤ ’ਚ ਨਵੇਂ ਸਰਵਉੱਚ ਨੇਤਾ ਦੀ ਚੋਣ ਲਈ ‘ਮਾਹਰਾਂ ਦੀ ਅਸੈਂਬਲੀ’ ਜ਼ਿੰਮੇਵਾਰ ਹੋਵੇਗੀ। ਖਾਮੇਨੀ ਦੀ ਉਮਰ ਨੂੰ ਵੇਖਦੇ ਹੋਏ ‘ਮਾਹਰਾਂ ਦੀ ਅਸੈਂਬਲੀ’ ਦੀ ਮਹੱਤਤਾ ਵਧ ਗਈ ਹੈ। ਖਾਮੇਨੀ ਨੇ ਤਹਿਰਾਨ ਵਿਚ ਪੱਤਰਕਾਰਾਂ ਦੀ ਭੀੜ ਦੇ ਸਾਹਮਣੇ ਵੋਟ ਪਾਈ। ਖਾਮੇਨੀ ਨੇ ਲੋਕਾਂ ਨੂੰ ਜਲਦੀ ਤੋਂ ਜਲਦੀ ਚੋਣਾਂ ਵਿਚ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਈਰਾਨ ਦੇ ਦੋਸਤ ਅਤੇ ਦੁਸ਼ਮਣ ਦੋਵੇਂ ਵੋਟਿੰਗ ਵੇਖ ਰਹੇ ਹਨ।
ਉਨ੍ਹਾਂ ਕਿਹਾ, ‘‘ਇਸ ’ਤੇ ਵਿਚਾਰ ਕਰੋ, ਕਿਰਪਾ ਕਰ ਕੇ ਦੋਸਤਾਂ ਨੂੰ ਖ਼ੁਸ਼ ਕਰੋ ਅਤੇ ਉਨ੍ਹਾਂ ਲੋਕਾਂ ਨੂੰ ਨਿਰਾਸ਼ ਕਰੋ ਜੋ ਬੁਰੇ ਚਾਹੁੰਦੇ ਹਨ।’’ ਸ਼ੁਰੂਆਤੀ ਨਤੀਜੇ ਸਨਿਚਰਵਾਰ ਤਕ ਆਉਣ ਦੀ ਉਮੀਦ ਹੈ। 290 ਮੈਂਬਰੀ ਸੰਸਦ ਦੀ ਮੈਂਬਰਸ਼ਿਪ ਲਈ ਲਗਭਗ 15,000 ਉਮੀਦਵਾਰ ਮੈਦਾਨ ’ਚ ਹਨ। ਈਰਾਨ ਦੀ ਸੰਸਦ ਨੂੰ ਰਸਮੀ ਤੌਰ ’ਤੇ ‘ਇਸਲਾਮਿਕ ਸਲਾਹਕਾਰ ਅਸੈਂਬਲੀ‘ ਵਜੋਂ ਜਾਣਿਆ ਜਾਂਦਾ ਹੈ। ਸੰਸਦ ਮੈਂਬਰ ਚਾਰ ਸਾਲ ਦਾ ਕਾਰਜਕਾਲ ਪੂਰਾ ਕਰਦੇ ਹਨ ਅਤੇ ਪੰਜ ਸੀਟਾਂ ਈਰਾਨ ਦੀਆਂ ਧਾਰਮਕ ਘੱਟ ਗਿਣਤੀਆਂ ਲਈ ਰਾਖਵੀਆਂ ਹਨ।
ਕਾਨੂੰਨ ਦੇ ਤਹਿਤ, ਸੰਸਦ ਕਾਰਜਕਾਰੀ ਬ੍ਰਾਂਚ ਦੀ ਨਿਗਰਾਨੀ ਕਰਦੀ ਹੈ, ਸੰਧੀਆਂ ’ਤੇ ਵੋਟ ਦਿੰਦੀ ਹੈ ਅਤੇ ਹੋਰ ਮੁੱਦਿਆਂ ਨੂੰ ਸੰਭਾਲਦੀ ਹੈ, ਪਰ ਈਰਾਨ ਵਿਚ ਅਮਲੀ ਤੌਰ ’ਤੇ ਪੂਰਨ ਸ਼ਕਤੀ ਇਸ ਦੇ ਸਰਵਉੱਚ ਨੇਤਾ ਕੋਲ ਹੁੰਦੀ ਹੈ। ਸਾਲ 2022 ’ਚ ਪੁਲਿਸ ਹਿਰਾਸਤ ’ਚ 22 ਸਾਲਾ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਹਿਜਾਬ ਪਹਿਨਣਾ ਲਾਜ਼ਮੀ ਕਰਨ ਦੇ ਵਿਰੁਧ ਦੇਸ਼ ਭਰ ’ਚ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਹੋਏ ਸਨ। ਸੁਰੱਖਿਆ ਬਲਾਂ ਨੇ ਇਸ ਪ੍ਰਦਰਸ਼ਨ ਦੇ ਵਿਰੁਧ ਕਾਰਵਾਈ ਕਰਦਿਆਂ 500 ਲੋਕਾਂ ਨੂੰ ਮਾਰ ਦਿਤਾ ਸੀ ਅਤੇ 22,000 ਤੋਂ ਵੱਧ ਲੋਕਾਂ ਨੂੰ ਹਿਰਾਸਤ ’ਚ ਲਿਆ ਸੀ।
ਹਾਲ ਹੀ ਦੇ ਹਫਤਿਆਂ ’ਚ, ਬਹੁਤ ਸਾਰੇ ਲੋਕਾਂ ਨੇ ਚੋਣਾਂ ਦਾ ਬਾਈਕਾਟ ਕਰਨ ਦਾ ਸੱਦਾ ਦਿਤਾ ਹੈ। ਇਨ੍ਹਾਂ ’ਚ ਜੇਲ੍ਹ ’ਚ ਬੰਦ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਅਤੇ ਮਹਿਲਾ ਅਧਿਕਾਰ ਕਾਰਕੁਨ ਨਰਗਿਸ ਮੁਹੰਮਦੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਚੋਣਾਂ ਨੂੰ ‘ਧੋਖਾ’ ਕਰਾਰ ਦਿਤਾ ਹੈ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਭੀੜ-ਭੜੱਕੇ ਵਾਲੇ ਪੋਲਿੰਗ ਸਟੇਸ਼ਨਾਂ ਨੂੰ ਵਿਖਾ ਇਆ, ਪਰ ਤਹਿਰਾਨ ਵਿਚ ਕੁੱਝ ਥਾਵਾਂ ’ਤੇ ਬਹੁਤ ਘੱਟ ਵੋਟਰ ਵਿਖਾਈ ਦਿਤੇ।