
ਜੂਨ-ਜੁਲਾਈ ਤਕ ਦਵਾਈ ਆ ਜਾਏਗੀ, ਮਨਜ਼ੂਰੀ ਮਿਲ ਗਈ, 10 ਕਰੋੜ ਖ਼ੁਰਾਕਾਂ ਤਿਆਰ ਹੋ ਰਹੀਆਂ ਹਨ
ਲੰਦਨ, 30 ਅਪ੍ਰੈਲ: ਬ੍ਰਿਟਿਸ਼ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਲਈ ਸੰਭਾਵਤ ਵੈਕਸੀਨ ਨੂੰ ਵਿਕਸਤ ਕਰ ਲਿਆ ਹੈ ਅਤੇ ਇਸ ਦੇ ਅਸਰਦਾਰ ਹੋਣ ਬਾਰੇ ਜੂਨ ਜਾਂ ਜੁਲਾਈ ਮਹੀਨੇ ਤਕ ਨਤੀਜੇ ਆ ਜਾਣਗੇ। ਦਵਾਈ ਕੰਪਨੀ ਐਸਟਰਾਜ਼ੈਨੇਕਾ ਦੇ ਸੀ.ਈ.ਓ. ਨੇ ਕਿਹਾ ਕਿ ਉਹ ਆਕਸਫ਼ੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨਾਲ ਮਿਲ ਕੇ ਇਹ ਵੈਕਸੀਨ ਵਿਕਸਤ ਕਰਨ ਲਈ ਕੰਮ ਕਰ ਰਹੀ ਹੈ।
ਕੰਪਨੀ ਨੇ ਵੀਰਵਾਰ ਨੂੰ ਸੰਭਾਵਤ ਵੈਕਸੀਨ ਦੇ ਵਿਕਾਸ ਅਤੇ ਵੰਡ 'ਚ ਆਕਸਫ਼ੋਰਡ ਯੂਨੀਵਰਸਿਟੀ ਨਾਲ ਭਾਈਵਾਲੀ ਦਾ ਐਲਾਨ ਕੀਤਾ ਸੀ। ਕੰਪਨੀ ਦੇ ਮੁਖੀ ਪਾਸਕਲ ਸੋਰੋਇਟ ਨੇ ਕਿਹਾ ਹੈ ਕਿ ਵੈਕਸੀਨ ਵਿਕਸਤ ਕਰਨ ਲਈ ਕੰਮ ਕਰ ਰਹੀ ਆਕਸਫ਼ੋਰਡ ਯੂਨੀਵਰਸਿਟੀ ਦੀ ਟੀਮ ਦੁਨੀਆਂ 'ਚ ਸੱਭ ਤੋਂ ਬਿਹਤਰੀਨ ਹੈ ਅਤੇ ਉਨ੍ਹਾਂ ਨੇ ਬਹੁਤ ਤੇਜ਼ੀ ਨਾਲ ਕੰਮ ਕੀਤਾ ਹੈ।
File photo
ਉਨ੍ਹਾਂ ਕਿਹਾ, ''ਜੂਨ, ਜੁਲਾਈ ਮਹੀਨੇ ਤਕ ਸਾਨੂੰ ਇਸ ਵੈਕਸੀਨ ਦੇ ਅਸਰਦਾਰ ਅਤੇ ਸੁਰੱਖਿਅਤ ਹੋਣ ਬਾਰੇ ਪਤਾ ਲੱਗ ਜਾਵੇਗਾ ਅਤੇ ਫਿਰ ਬਸ ਕੁੱਝ ਮਹੀਨਿਆਂ 'ਚ ਇਸ ਨੂੰ ਆਮ ਲੋਕਾਂ ਤਕ ਪਹੁੰਚਾ ਦਿਤਾ ਜਾਵੇਗਾ।'' ਉਨ੍ਹਾਂ ਕਿਹਾ ਕਿ ਵੈਕਸੀਨ ਦਾ ਉਤਪਾਦਨ ਚਾਲੂ ਹੋ ਚੁੱਕਾ ਹੈ ਅਤੇ ਕਲੀਨਿਕਲ ਟਰਾਇਲ ਲਈ ਉਨ੍ਹਾਂ ਨੂੰ ਕਾਫ਼ੀ ਮਾਤਰਾ 'ਚ ਇਸ ਦੀ ਜ਼ਰੂਰਤ ਪਵੇਗੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਮੰਨਿਆ ਕਿ ਇਸ ਵੈਕਸੀਨ ਨੂੰ ਅਜੇ ਮਨੁੱਖਾਂ 'ਤੇ ਪਰਖਿਆ ਜਾ ਰਿਹਾ ਹੈ ਅਤੇ ਇਸ ਦੌਰਾਨ ਇਸ ਵੈਕਸੀਨ ਦਾ ਉਤਪਾਦਨ ਕਰਨਾ ਜੋਖਮ ਭਰਿਆ ਕਦਮ ਹੈ।
ਉਨ੍ਹਾਂ ਕਿਹਾ, ''ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੌਜੂਦਾ ਸੰਕਟ ਬਹੁਤ ਭਿਆਨਕ ਹੈ, ਅਤੇ ਅਸੀਂ ਫ਼ੈਸਲਾ ਕੀਤਾ ਹੈ ਕਿ ਇਹ ਮਿਲ ਕੇ ਕੰਮ ਕਰਨ ਦਾ ਸਮਾਂ ਹੈ ਅਤੇ ਇਸ ਸਥਿਤੀ 'ਚੋਂ ਬਾਹਰ ਨਿਕਲਣ ਲਈ ਅਪਣਾ ਪੂਰਾ ਜ਼ੋਰ ਲਾਉਣ ਦੀ ਜ਼ਰੂਰਤ ਹੈ।'' ਆਕਸਫ਼ੋਰਡ ਯੂਨੀਵਰਸਿਟੀ ਨਾਲ ਭਾਈਵਾਲੀ 'ਤੇ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਐਸਟਰਾਜ਼ੇਨੇਕਾ ਪੂਰੀ ਦੁਨੀਆਂ 'ਚ ਇਸ ਵੈਕਸੀਨ ਦੀ ਵੰਡ ਕਰੇਗੀ।
File photo
ਕੰਪਨੀ ਨੇ ਕਿਹਾ ਹੈ ਕਿ ਮਹਾਂਮਾਰੀ ਦੌਰਾਨ ਇਹ ਵੈਕਸੀਨ ਮਹਿੰਗੀ ਮਿਲੇਗੀ ਪਰ ਮਹਾਂਮਾਰੀ ਖ਼ਤਮ ਹੋਣ ਤੋਂ ਬਾਅਦ ਜੇਕਰ ਇਹ ਵਾਇਰਸ ਆਮ ਫ਼ਲੂ ਦਾ ਰੂਪ ਧਾਰ ਲੈਂਦਾ ਹੈ ਤਾਂ ਇਹ ਦਵਾਈ ਹੋਰਨਾਂ ਵੈਕਸੀਨਾਂ ਵਾਂਗ ਘੱਟ ਕੀਮਤ 'ਤੇ ਮਿਲੇਗੀ। ਇਸ ਵੈਕਸੀਨ ਨੂੰ ਆਕਸਫ਼ੋਰਡ ਯੂਨੀਵਰਸਿਟੀ ਦੇ ਜੈਨਰ ਇੰਸਟੀਚਿਊਟ ਅਤੇ ਆਕਸਫ਼ੋਰਡ ਵੈਕਸੀਨ ਗਰੁੱਪ ਨੇ ਮਿਲ ਕੇ ਤਿਆਰ ਕੀਤਾ ਹੈ।
ਇਸ ਹਫ਼ਤੇ ਪਹਿਲਾਂ ਆਕਸਫ਼ੋਰਡ ਯੂਨੀਵਰਸਿਟੀ ਦੇ ਇਕ ਵਿਗਿਆਨੀ ਨੇ ਕਿਹਾ ਸੀ ਕਿ ਜੇਕਰ ਇਹ ਵੈਕਸੀਨ ਸਫ਼ਲ ਰਹੀ ਤਾਂ ਇਸ ਨੂੰ ਸਤੰਬਰ ਮਹੀਨੇ ਦੇ ਸ਼ੁਰੂ ਤਕ ਬਾਜ਼ਾਰ 'ਚ ਉਤਾਰ ਦਿਤਾ ਜਾਵੇਗਾ। ਆਕਸਫ਼ੋਰਡ ਯੂਨੀਵਰਸਟੀ ਦੀ ਵਿਗਿਆਨੀ ਪ੍ਰੋਫ਼ੈ. ਸਾਰਾਹ ਗਿਲਬਰਟ ਨੇ ਕਿਹਾ, ''ਵਿਅਕਤੀਗਤ ਤੌਰ 'ਤੇ ਮੈਨੂੰ ਇਸ ਵੈਕਸੀਨ 'ਤੇ ਪੂਰਾ ਆਤਮਵਿਸ਼ਵਾਸ ਹੈ ਕਿਉਂਕਿ ਇਸ ਤਕਨੀਕ ਨੂੰ ਮੈਂ ਪਹਿਲਾਂ ਵੀ ਪ੍ਰਯੋਗ ਕੀਤਾ ਹੋਇਆ ਹੈ।''
ਆਕਸਫ਼ੋਰਡ ਯੂਨੀਵਰਸਿਟੀ ਨੇ ਕਿਹਾ ਹੈ ਕਿ ਜੇਕਰ ਇਹ ਵੈਕਸੀਨ ਅਸਰਦਾਰ ਰਹੀ ਤਾਂ ਇਸ ਨੂੰ ਪੂਰੀ ਦੁਨੀਆਂ 'ਚ ਵੈਕਸੀਨੇਸ਼ਨ ਲਈ ਵਰਤਿਆ ਜਾਵੇਗਾ। (ਏਜੰਸੀਆਂ)