
ਕਈ ਸ਼ਹਿਰਾਂ 'ਚ ਲਗਿਆ ਕਰਫ਼ਿਊ, ਵਿਆਪਕ ਪੱਧਰ 'ਤੇ ਹੋਈ ਹਿੰਸਾ
ਮਿਨੀਪੋਲਿਸ, 31 ਮਈ : ਅਮਰੀਕਾ 'ਚ ਕਾਲੇ ਵਿਅਕਤੀ ਜਾਰਜ ਫਲਾਈਡ ਦੀ ਮੌਤ ਅਤੇ ਪੁਲਿਸ ਹੱਥੋਂ ਹੋਰ ਕਾਲੇ ਲੋਕਾਂ ਦੇ ਕਤਲ ਦੇ ਵਿਰੁਧ 'ਚ ਚੱਲ ਰਹੇ ਪ੍ਰਦਰਸ਼ਨਾਂ ਦੀ ਅੱਗ ਸਨਿਚਰਵਾਰ ਨੂੰ ਨਿਊਯਾਰਕ ਤੋਂ ਲੈ ਕੇ ਟੁਲਸਾ ਅਤੇ ਲਾਸ ਏਂਜਲਿਸ ਤਕ ਫੈਲ ਗਈ। ਦੇਸ਼ ਭਰ 'ਚ ਐਤਵਾਰ ਸਵੇਰੇ ਵੀ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀਆਂ ਨੇ ਕਈ ਯਾਦਗਾਰਾਂ ਨੂੰ ਵੀ ਨੁਕਸਾਨ ਪਹੁੰਚਾਇਆ। ਜਿਸ ਦੌਰਾਨ 'ਕਾਨਫੈਡਰੇਟ ਯਾਦਗਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਲਾਸ ਏਂਜਲਸ, ਫਿਲਡੇਲਫਿਆ ਤੇ ਐਟਲਾਂਟਾ ਸਮੇਤ 16 ਰਾਜਾਂ ਦੇ 25 ਸ਼ਹਿਰਾਂ ਵਿਚ ਕਰਫ਼ਿਊ ਲਾਇਆ ਗਿਆ ਹੈ।
ਵੀਰਵਾਰ ਤੋਂ ਸਨਿਚਰਵਾਰ ਤਕ 17 ਸ਼ਹਿਰਾਂ 'ਚ 1400 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਟਰੰਪ ਨੇ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ ਦਿਤੀ ਹੈ ਕਿ ਉਨਾਂ ਕੋਲ ਖਤਰਨਾਕ ਕੁੱਤੇ ਤੇ ਜਾਨਲੇਵਾ ਹਥਿਆਰ ਹਨ। ਜੇ ਉਨ੍ਹਾਂ ਨੇ ਪ੍ਰਦਰਸ਼ਨ ਬੰਦ ਨਹੀਂ ਕੀਤੇ ਤਾਂ ਇਨ੍ਹਾਂ ਦੀ ਵਰਤੋਂ ਉਨ੍ਹਾਂ ਨੂੰ ਰੋਕਣ ਲਈ ਕੀਤੀ ਜਾਵੇਗੀ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਕਾਰਾਂ ਨੂੰ ਅੱਗ ਲਗਾ ਦਿਤੀ ਅਤੇ ਦੋਹਾਂ ਧਿਰਾਂ ਤੋਂ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ। ਫਲਾਈਡ ਦੀ ਮੌਤ ਦੇ ਬਾਅਦ ਮਿਨੀਪੋਲਿਸ 'ਚ ਸ਼ੁਰੂ ਹੋਏ ਪ੍ਰਦਰਸ਼ਨ ਨੇ ਸ਼ਹਿਰ ਦੇ ਕਈ ਹਿੱਸਿਆਂ 'ਚ ਜਨਜੀਵਨ ਅਸਤ ਵਿਅਸਤ ਕਰ ਦਿਤਾ, ਇਸ ਵਿਚ ਇਮਾਰਤਾਂ ਨੂੰ ਜਲਾ ਦਿਤਾ ਗਿਆ ਅਤੇ ਦੁਕਾਨਾਂ 'ਚ ਲੁੱਟ ਕੀਤੀ ਗਈ।
File photo
ਮਿਨੀਪੋਲਿਸ ਵਿਚ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਕਿਹਾ ਕਿ ਕਈ ਪ੍ਰਦਰਸ਼ਨਕਾਰੀ ਅਪਣੀ ਪਛਾਣ ਲੁਕਾਉਣ ਲਈ ਮਾਸਕ ਪਹਿਨ ਰਹੇ ਹਨ ਅਤੇ ਭਰਮ ਪੈਦਾ ਕਰ ਰਹੇ ਹਨ ਅਤੇ ਇਸ ਸਥਿਤੀ ਦਾ ਫਾਇਦਾ ਚੁੱਕ ਰਹੇ ਹਨ।'' ਰਾਜ ਦੇ ਸਿਹਤ ਕਮਿਨਸ਼ਰ ਨੇ ਚਿਤਾਵਨੀ ਦਿਤੀ ਕਿ ਪ੍ਰਦਰਸ਼ਨਾਂ ਨਾਲ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ।
ਵਾਸ਼ਿੰਗਟਨ 'ਚ ਵਾਈਟ ਹਾਊਸ ਦੇ ਬਾਹਰ ਨੇਸ਼ਨਲ ਗਾਰਡ ਤਾਇਨਾਤ ਕੀਤੇ ਗਏ ਹਨ। ਫਿਲਾਡੇਲਫਿਆ 'ਚ ਸ਼ਾਂਤੀਪੂਰਣ ਪ੍ਰਦਰਸ਼ਨ ਭੜਕ ਗਿਆ ਜਿਸ ਵਿਚ ਘੱਟੋਂ ਘੱਟ 13 ਅਧਿਕਾਰੀ ਜ਼ਖ਼ਮੀ ਹੋ ਗਏ ਅਤੇ ਘੱਟੋਂ ਘੱਟ ਚਾਰ ਪੁਲਿਸ ਵਾਹਨ ਸਾੜ ਦਿਤੇ ਗਏ। ਲਾਸ ਏਂਜਲਿਸ 'ਚ ਪ੍ਰਦਰਸ਼ਨਕਾਰੀਆਂ ਨੇ ''ਕਾਲੇ ਲੋਕਾਂ ਦੀਆਂ ਜ਼ਿੰਦਗੀਆਂ ਵੀ ਮਾਇਨੇ ਰਖਦੀਆਂ ਹਨ'' ਦੇ ਨਾਅਰੇ ਲਗਾਏ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਲਾਠੀਚਾਰਜ ਕੀਤਾ ਅਤੇ ਰਬੜ ਦੀਆਂ ਗੋਲੀਆਂ ਵੀ ਦਾਗੀਆਂ। ਪੁਲਿਸ ਦੀ ਇਕ ਕਾਰ ਨੂੰ ਫੂਕ ਦਿਤਾ ਗਿਆ।
(ਪੀਟੀਆਈ)
ਅਮਰੀਕਾ 'ਚ ਪ੍ਰਦਰਸ਼ਨਾਂ ਨਾਲ ਕੋਰੋਨਾ ਵਾਇਰਸ ਦਾ ਨਵਾਂ ਦੌਰ ਸ਼ੁਰੂ ਹੋਣ ਦਾ ਡਰ
ਅਮਰੀਕਾ ਵਿਚ ਪ੍ਰਦਰਸ਼ਨਾਂ ਨਾਲ ਪ੍ਰਭਾਵਤ ਅਟਲਾਂਟਾ ਸ਼ਹਿਰ ਦੀ ਮੇਅਰ ਨੇ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ ਦਿਤੀ ਹੈ ਕਿ ਜੇਕਰ ਤੁਸੀਂ ਬੀਤੀ ਰਾਤ ਪ੍ਰਦਰਸ਼ਨ ਕਰ ਰਹੇ ਸੀ ਤਾਂ ਸ਼ਾਇਦ ਤੁਹਾਨੂੰ ਇਸ ਹਫ਼ਤੇ ਕੋਵਿਡ-19 ਜਾਂਚ ਕਰਾਉਣ ਦੀ ਲੋੜ ਹੈ। ਬਿਨਾਂ ਮਾਸਕ ਪਹਿਨੇ ਜਾਂ ਸਮਾਜਕ ਦੂਰੀ ਦਾ ਪਾਲਣ ਕੀਤੇ ਬਿਨਾਂ ਵੱਡੀ ਗਿਣਤੀ ਵਿਚ ਲੋਕਾਂ ਦੇ ਇਕੱਠੇ ਹੋਣ ਨੂੰ ਲੈ ਕੇ ਸਿਹਤ ਮਾਹਰਾਂ ਵਿਚ ਚਿੰਤਾ ਪੈਦਾ ਹੋ ਗਈ ਹੈ ਕਿ ਇਸ ਨਾਲ ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਫਿਰ ਤੋਂ ਫੈਲ ਸਕਦੀ ਹੈ।
ਉਹ ਵੀ ਅਜਿਹੇ ਸਮੇਂ ਵਿਚ ਜਦੋਂ ਦੇਸ਼ ਭਰ ਵਿਚ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ ਕਮੀ ਆਈ ਹੈ ਅਤੇ ਅਰਥ ਵਿਵਸਥਾ ਨੂੰ ਫਿਰ ਤੋਂ ਖੋਲ੍ਹਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਇਹ ਮੁੱਦਾ ਪੈਰਿਸ ਤੋਂ ਲੈ ਕੇ ਹਾਂਗਕਾਂਗ ਤਕ ਚਿੰਤਾ ਦਾ ਕਾਰਨ ਬਣ ਗਿਆ ਹੈ ਜਿਥੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਉਹਨਾਂ ਦੀਆਂ ਰੈਲੀਆਂ ਨੂੰ ਰੋਕਣ ਲਈ ਸਮਾਜਕ ਦੂਰੀ ਦੇ ਨਿਯਮਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ। ਸਿਹਤ ਮਾਹਰਾਂ ਨੂੰ ਡਰ ਹੈ ਕਿ ਅਜਿਹੀਆਂ ਰੈਲੀਆਂ ਵਿਚ ਬਿਨਾਂ ਲੱਛਣ ਵਾਲੇ ਮਰੀਜ਼ ਦੂਜੇ ਲੋਕਾਂ ਵਿਚ ਲਾਗ ਫੈਲਾ ਸਕਦੇ ਹਨ।