
ਪੀ.ਏ.ਯੂ. ਲੁਧਿਆਣਾ ਅਤੇ ਸੰਯੁਕਤ ਰਾਸ਼ਟਰ ਵਿਚ ਲੰਮੇ ਸਮੇਂ ਤੱਕ ਨਿਭਾਈਆਂ ਵਿਲੱਖਣ ਸੇਵਾਵਾਂ
ਕੈਲੇਫ਼ੋਰਨੀਆ: ਡਾ. ਓਂਕਾਰ ਸਿੰਘ ਬਿੰਦਰਾ ਦਾ ਬੀਤੇ ਦਿਨ 89 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ। ਜਿਨ੍ਹਾਂ ਦਾ ਕੱਲ੍ਹ ਸੈਕਰਾਮੈਂਟੋ ’ਚ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਦੀ ਮੌਤ ਨਾਲ ਵੱਡੇ ਪੱਧਰ ’ਤੇ ਪੰਜਾਬੀਆਂ ਤੇ ਪਰਿਵਾਰ ਨੂੰ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਇਕ ਮਹਾਨ ਸਿੱਖਿਆ ਸ਼ਾਸਤਰੀ ਸਨ। ਉਨ੍ਹਾਂ ਨੇ ਸਦਾ ਹੀ ਸਾਦਾ ਜੀਵਨ ਬਤੀਤ ਕੀਤਾ ਅਤੇ ਆਪਣੇ ਪਿੱਛੇ ਇੱਕ ਸ਼ਾਨਦਾਰ ਵਿਰਾਸਤ ਛੱਡ ਗਏ ਹਨ।
ਪਹਿਲਾਂ ਡਾ. ਬਿੰਦਰਾ ਨੇ ਇੱਕ ਵਿਗਿਆਨੀ ਵਜੋਂ ਪੀ.ਏ.ਯੂ. ਲੁਧਿਆਣਾ ਅਤੇ ਫਿਰ ਸੰਯੁਕਤ ਰਾਸ਼ਟਰ ਵਿਚ ਲੰਮੇ ਸਮੇਂ ਤੱਕ ਵਿਲੱਖਣ ਸੇਵਾਵਾਂ ਨਿਭਾਈਆਂ ਹਨ, ਇਸ ਤੋਂ ਇਲਾਵਾ, ਕੈਲੇਫ਼ੋਰਨੀਆ ਦੇ ਪਬਲਿਕ ਸਕੂਲਾਂ ਵਿਚ ਕੇ-12 ਪਾਠ ਪੁਸਤਕਾਂ ਵਿਚ ਪੰਜਾਬੀ ਭਾਸ਼ਾ ਦੀ ਸਿੱਖਿਆ ਅਤੇ ਸਿੱਖੀ ਨੂੰ ਸ਼ਾਮਲ ਕਰਨ ਲਈ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਨੂੰ ਪੰਜਾਬੀ ਭਾਈਚਾਰਾ ਰਹਿੰਦੀ ਦੁਨੀਆ ਤੱਕ ਯਾਦ ਰੱਖੇਗਾ।