
ਕਈ ਮਹੀਨਿਆਂ ਤਕ ਬੰਧਕ ਬਣਾ ਕੇ ਰੱਖਣ, ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਦੋਸ਼
ਵਾਸ਼ਿੰਗਟਨ: ਅਮਰੀਕਾ ’ਚ 20 ਸਾਲ ਦੇ ਇਕ ਭਾਰਤੀ ਵਿਦਿਆਰਥੀ ’ਤੇ ਅਣਮਨੁੱਖੀ ਤਸ਼ੱਦਦ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਅਨੁਸਾਰ ਭਾਰਤੀ ਵਿਦਿਆਰਥੀ ਨੂੰ ਕਥਿਤ ਤੌਰ ’ਤੇ ਬੰਧਕ ਬਣਾ ਕੇ ਰਖਿਆ ਗਿਆ, ਬੇਰਹਿਮੀ ਨਾਲ ਕੁਟਿਆ ਗਿਆ ਅਤੇ ਕਈ ਵਾਰ ਪਖਾਨੇ ਤਕ ਨਹੀਂ ਜਾਣ ਦਿਤਾ ਗਿਆ।
ਭਾਰਤੀ ਵਿਅਕਤੀ ਦੇ ਚਚੇਰੇ ਭਰਾ ਅਤੇ ਦੋ ਹੋਰਾਂ ਨੇ ਉਸ ਨਾਲ ਅਜਿਹਾ ਸਲੂਕ ਕੀਤਾ ਅਤੇ ਉਸ ਨੂੰ ਤਿੰਨ ਘਰਾਂ ’ਚ ਕੰਮ ਕਰਨ ਲਈ ਮਜਬੂਰ ਕੀਤਾ। ਇਸ ਘਟਨਾ ਨੂੰ ਪੂਰੀ ਤਰ੍ਹਾਂ ਅਣਮਨੁੱਖੀ ਦਸਿਆ ਗਿਆ ਹੈ।
ਪੀੜਤ ਵਿਦਿਆਰਥੀ ਦੇ ਨਾਂ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ ਹੈ। ਉਸ ਨੇ ਅਮਰੀਕਾ ਦੇ ਮਿਸੌਰੀ ਸੂਬੇ ਦੇ ਤਿੰਨ ਘਰਾਂ ਵਿਚ ਬੰਧਕ ਵਜੋਂ ਕਈ ਮਹੀਨੇ ਬਿਤਾਏ ਹਨ।
ਪੁਲਿਸ ਨੇ ਬੁਧਵਾਰ ਨੂੰ ਸੇਂਟ ਚਾਰਲਸ ਕਾਊਂਟੀ ਦੇ ਇਕ ਘਰ ’ਤੇ ਛਾਪਾ ਮਾਰਿਆ ਅਤੇ ਵੈਂਕਟੇਸ਼ ਆਰ. ਸੱਤਾਰੂ, ਸ਼ਰਵਣ ਵਰਮਾ ਪੇਨੁਮੇਛਾ ਅਤੇ ਨਿਖਿਲ ਵਰਮਾ ਪੇਨਮਾਤਸਾ ਨੂੰ ਗ੍ਰਿਫਤਾਰ ਕੀਤਾ ਹੈ। ਵੀਰਵਾਰ ਨੂੰ ਉਨ੍ਹਾਂ ’ਤੇ ਮਨੁੱਖੀ ਤਸਕਰੀ, ਅਗਵਾ ਅਤੇ ਹਮਲੇ ਦੇ ਅਪਰਾਧਾਂ ਲਈ ਮਾਮਲਾ ਦਰਜ ਕੀਤਾ ਗਿਆ ਸੀ।
ਇਕ ਚੌਕਸ ਨਾਗਰਿਕ ਨੇ ਪੁਲਿਸ ਨੂੰ ਫੋਨ ਕਰ ਕੇ ਸਥਿਤੀ ਬਾਰੇ ਜਾਣਕਾਰੀ ਦਿਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿਤੀ। ਸਰਕਾਰੀ ਵਕੀਲ ਜੋ ਮੈਕੁਲਫ਼ ਨੇ ਕਿਹਾ ਕਿ ਪੀੜਤ ਸੁਰੱਖਿਅਤ ਹੈ ਪਰ ਉਸ ਦੀਆਂ ਕਈ ਹੱਡੀਆਂ ਟੁੱਟ ਗਈਆਂ ਹਨ ਅਤੇ ਉਸ ਦਾ ਇਲਾਜ ਚਲ ਰਿਹਾ ਹੈ।
ਵਿਦਿਆਰਥੀ ਨੂੰ ਸੱਤ ਮਹੀਨਿਆਂ ਤੋਂ ਵੱਧ ਸਮੇਂ ਲਈ ਬੇਸਮੈਂਟ ’ਚ ਬੰਦ ਕਰ ਕੇ ਰਖਿਆ ਗਿਆ ਸੀ ਅਤੇ ਉਸ ਨੂੰ ਪਖਾਨਾ ਵੀ ਨਹੀਂ ਦਿਤਾ ਗਿਆ ਸੀ। ਅਧਿਕਾਰੀ ਨੇ ਕਿਹਾ, ‘‘ਇਹ ਬਿਲਕੁਲ ਅਣਮਨੁੱਖੀ ਅਤੇ ਅਣਉਚਿਤ ਹੈ ਕਿ ਇਕ ਇਨਸਾਨ ਨੂੰ ਦੂਜੇ ਇਨਸਾਨ ਵਲੋਂ ਇਸ ਤਰੀਕੇ ਨਾਲ ਤੰਗ ਕੀਤਾ ਜਾਵੇ।’’ ਅਧਿਕਾਰੀਆਂ ਨੇ ਸਤਾਰੂ ਨੂੰ ਗਿਰੋਹ ਦਾ ਸਰਗਨਾ ਦਸਿਆ ਹੈ। ਉਸ ’ਤੇ ਮਨੁੱਖੀ ਤਸਕਰੀ ਦਾ ਵੀ ਦੋਸ਼ ਹੈ।