Switzerland Blast News: 115 ਤੋਂ ਜ਼ਿਆਦਾ ਜਣੇ ਜ਼ਖ਼ਮੀ ਹੋ ਗਏ
ਬਰਲਿਨ : ਸਵਿਸ ਐਲਪਸ ਦੇ ਇਕ ਬਾਰ ਵਿਚ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਅੱਗ ਲੱਗਣ ਕਾਰਨ 47 ਜਣਿਆਂ ਦੀ ਮੌਤ ਹੋ ਗਈ ਹੈ ਅਤੇ 115 ਤੋਂ ਜ਼ਿਆਦਾ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਦੀ ਹਾਲਤ ਗੰਭੀਰ ਹੈ। ਇਸ ਕਰ ਕੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।
ਵੈਲੇਸ ਕੈਂਟਨ ਦੇ ਅਟਾਰਨੀ ਜਨਰਲ ਬੀਟਰਿਸ ਪਿਲੌਡ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਹਰ ਅਜੇ ਤਕ ਮਲਬੇ ਦੇ ਅੰਦਰ ਨਹੀਂ ਜਾ ਸਕੇ। ਇਥੋਂ ਦੇ ਕੌਂਸਲਰ ਮੈਥਿਆਸ ਰੇਨਾਰਡ ਅਨੁਸਾਰ ਜ਼ਖ਼ਮੀਆਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਖੇਤਰੀ ਹਸਪਤਾਲ ਵਿਚ ਇੰਟੈਂਸਿਵ ਕੇਅਰ ਯੂਨਿਟ ਅਤੇ ਅਪਰੇਸ਼ਨ ਥੀਏਟਰ ਜਲਦੀ ਹੀ ਪੂਰੀ ਸਮਰੱਥਾ ਨਾਲ ਭਰ ਗਿਆ।
ਮਰਨ ਵਾਲੇ ਕਈ ਹੋਰ ਦੇਸ਼ਾਂ ਦੇ ਵਸਨੀਕ ਸਨ। ਪੁਲਿਸ ਅਨੁਸਾਰ ਸਵਿਟਜ਼ਰਲੈਂਡ ਦੀ ਐਲਪਾਈਨ ਸਕੀ ਰਿਜ਼ੌਰਟ ਕ੍ਰੈਨਸ-ਮੋਂਟਾਨਾ ਵਿਚ ਅੱਗ ਦੀ ਲਪੇਟ ਵਿਚ ਆਉਣ ਨਾਲ ਕਈ ਜਾਨਾਂ ਚਲੀਆਂ ਗਈਆਂ ਹਨ ਅਤੇ ਕਈ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਹਨ। ਪੁਲਿਸ ਬੁਲਾਰੇ ਗੈਟਨ ਲੈਥੀਅਨ ਨੇ ਦਸਿਆ, ‘‘ਅੱਗ ਅੱਜ ਤੜਕੇ ਲਗਭਗ 1:30 ਵਜੇ ‘ਲੇ ਕੰਸਟੈਲੇਸ਼ਨ’ ਨਾਮਕ ਬਾਰ ਵਿਚ ਲੱਗੀ।
ਉਸ ਸਮੇਂ ਇਮਾਰਤ ਵਿਚ 100 ਤੋਂ ਵਧ ਲੋਕ ਮੌਜੂਦ ਸਨ ਅਤੇ ਅਸੀਂ ਵੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਜ਼ਖ਼ਮੀ ਹਨ ਅਤੇ ਕਈਆਂ ਦੀ ਮੌਤ ਹੋ ਚੁੱਕੀ ਹੈ।’’ ਲੈਥੀਅਨ ਨੇ ਦਸਿਆ ਕਿ ਪ੍ਰਭਾਵਤ ਪਰਵਾਰਾਂ ਲਈ ਇਕ ਰਿਸੈਪਸ਼ਨ ਸੈਂਟਰ ਅਤੇ ਹੈਲਪਲਾਈਨ ਸਥਾਪਤ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ, ‘‘ਅਸੀਂ ਅਜੇ ਅਪਣੀ ਜਾਂਚ ਦੇ ਸ਼ੁਰੂਆਤੀ ਪੜਾਅ ’ਤੇ ਹਾਂ, ਪਰ ਇਹ ਇਕ ਅੰਤਰਰਾਸ਼ਟਰੀ ਪੱਧਰ ’ਤੇ ਮਸ਼ਹੂਰ ਸਕੀ ਰਿਜ਼ੌਰਟ ਹੈ ਜਿੱਥੇ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ।’’ ਪੁਲਿਸ ਵਲੋਂ ਇਸ ਮਾਮਲੇ ’ਤੇ ਸਵੇਰੇ 10 ਵਜੇ ਕ੍ਰਾਂਨਸ-ਮੋਂਟਾਨਾ ਵਿਚ ਇਕ ਪ੍ਰੈੱਸ ਕਾਨਫ਼ਰੰਸ ਬੁਲਾਈ ਗਈ ਹੈ। ਇਹ ਇਲਾਕਾ ਸਵਿਸ ਐਲਪਸ ਦੇ ਬਿਲਕੁਲ ਦਿਲ ਵਿਚ ਸਥਿਤ ਹੈ, ਜੋ ਮੈਟਰਹੋਰਨ ਤੋਂ ਮਹਿਜ਼ 40 ਕਿਲੋਮੀਟਰ (25 ਮੀਲ) ਉੱਤਰ ਵਿਚ ਹੈ।
