
ਅੱਜ ਨਾਟੋ ਦੇ ਵੱਡੇ ਆਗੂਆਂ ਦੀ ਹੋਰ ਰਹੀ ਹੈ ਮੀਟਿੰਗ
ਲੰਡਨ : ਉਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਕੱਤਰ ਜਨਰਲ ਮਾਰਕ ਰੂਟੇ ਨੇ ਵੋਲੋਦੀਮੀਰ ਜ਼ੇਲੇਂਸਕੀ ਅਤੇ ਡੋਨਾਲਡ ਟਰੰਪ ਵਿਚਕਾਰ ਸ਼ੁੱਕਰਵਾਰ ਨੂੰ ਹੋਈ ਤਿੱਖੀ ਬਹਿਸ ਤੋਂ ਬਾਅਦ ਯੂਕ੍ਰੇਨੀ ਰਾਸ਼ਟਰਪਤੀ ਨੂੰ ਕਿਹਾ ਕਿ ਉਨ੍ਹਾਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਨਾਲ ਅਪਣੇ ਸਬੰਧਾਂ ਨੂੰ ਸੁਧਾਰਨ ਦਾ ਕੋਈ ਤਰੀਕਾ ਲੱਭਣਾ ਚਾਹੀਦਾ ਹੈ।’
ਰੂਟੇ ਨੇ ਬੀਬੀਸੀ ਨੂੰ ਦਸਿਆ ਕਿ ਉਨ੍ਹਾਂ ਨੇ ਜ਼ੇਲੇਂਸਕੀ ਨੂੰ ਕਿਹਾ ਕਿ ਉਨ੍ਹਾਂ ਨੂੰ (ਅਮਰੀਕੀ) ਰਾਸ਼ਟਰਪਤੀ (ਡੋਨਾਲਡ) ਟਰੰਪ ਵਲੋਂ ਹੁਣ ਤਕ ਯੂਕ੍ਰੇਨ ਲਈ ਕੀਤੇ ਗਏ ਕੰਮਾਂ ਦਾ ਸੱਚਮੁੱਚ ਸਤਿਕਾਰ ਕਰਨਾ ਚਾਹੀਦਾ ਹੈ।’ ਉਹ 2019 ਵਿਚ ਟਰੰਪ ਦੇ ਰਾਸ਼ਟਰਪਤੀ ਵਜੋਂ ਪਹਿਲੇ ਕਾਰਜਕਾਲ ਵਿਚ ਕੀਤੇ ਗਏ ਉਸ ਫ਼ੈਸਲੇ ਦਾ ਹਵਾਲਾ ਦੇ ਰਹੇ ਸਨ, ਜਿਸ ਤਹਿਤ ਯੂਕ੍ਰੇਨ ਨੂੰ ‘ਜੈਵਲਿਨ’ ਐਂਟੀ-ਟੈਂਕ ਮਿਜ਼ਾਈਲਾਂ ਦੀ ਸਪਲਾਈ ਕੀਤੀ ਗਈ ਸੀ, ਜਿਨ੍ਹਾਂ ਦੀ ਵਰਤੋਂ ਉਸ ਨੇ 2022 ਵਿਚ ਰੂਸੀ ਟੈਂਕਾਂ ਵਿਰੁਧ ਕੀਤੀ ਸੀ।
ਰੂਟੇ ਨੇ ਟਰੰਪ ਅਤੇ ਜ਼ੇਲੇਂਸਕੀ ਵਿਚਕਾਰ ਸ਼ੁੱਕਰਵਾਰ ਦੀ ਮੁਲਾਕਾਤ ਨੂੰ ਮੰਦਭਾਗਾ ਦਸਦੇ ਹੋਏ ਕਿਹਾ ਕਿ ਉਹ ਇਸ ਗੱਲ ਤੋਂ ਜਾਣੂ ਹਨ ਕਿ ਅਮਰੀਕੀ ਪ੍ਰਸ਼ਾਸਨ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਯੂਕ੍ਰੇਨ ਰੂਸ ਨਾਲ ਸਥਾਈ ਸ਼ਾਂਤੀ ਸਥਾਪਤ ਕਰ ਸਕੇ।’ ਰੂਟੇ ਨੇ ਉਮੀਦ ਪ੍ਰਗਟਾਈ ਕਿ ਐਤਵਾਰ ਨੂੰ ਲੰਡਨ ਵਿਚ ਹੋਣ ਵਾਲੀ ਯੂਰਪੀਅਨ ਨੇਤਾਵਾਂ ਦੀ ਮੁਲਾਕਾਤ ਯੂਕ੍ਰੇਨ ਨੂੰ ਸੁਰੱਖਿਆ ਗਾਰੰਟੀ ਪ੍ਰਦਾਨ ਕਰ ਕੇ ਭਵਿੱਖ ਵਿਚ ਸ਼ਾਂਤੀ ਸੌਦੇ ਨੂੰ ਸੰਭਵ ਬਣਾਉਣ ਵਿਚ ਮਦਦ ਕਰੇਗੀ।