
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਸਿਫ ਨੇ ਸੋਮਵਾਰ ਨੂੰ ਕਿਹਾ ਕਿ ਚੋਣਾਂ ਤੋਂ ਬਾਅਦ ਭਾਰਤ ਨਾਲ ਸਾਡੇ ਸਬੰਧ ਬਿਹਤਰ ਹੋ ਸਕਦੇ ਹਨ
Pakistan News:ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਉਮੀਦ ਜਤਾਈ ਹੈ ਕਿ ਗੁਆਂਢੀ ਦੇਸ਼ 'ਚ ਆਮ ਚੋਣਾਂ ਤੋਂ ਬਾਅਦ ਭਾਰਤ ਨਾਲ ਸਬੰਧਾਂ 'ਚ ਸੁਧਾਰ ਹੋਵੇਗਾ। ਆਸਿਫ ਦੀ ਇਹ ਟਿੱਪਣੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਸਿੰਗਾਪੁਰ ਵਿਚ ਉਸ ਬਿਆਨ ਤੋਂ ਕੁੱਝ ਦਿਨ ਬਾਅਦ ਆਈ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਉਦਯੋਗਿਕ ਪੱਧਰ 'ਤੇ ਅਤਿਵਾਦ ਨੂੰ ਸਪਾਂਸਰ ਕਰ ਰਿਹਾ ਹੈ ਅਤੇ ਨਵੀਂ ਦਿੱਲੀ ਦਾ ਮੂਡ ਹੁਣ ਅਤਿਵਾਦੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਨਹੀਂ ਹੈ ਅਤੇ ਉਹ ਹੁਣ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ।"
ਇਸਲਾਮਾਬਾਦ 'ਚ ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਸਿਫ ਨੇ ਸੋਮਵਾਰ ਨੂੰ ਕਿਹਾ ਕਿ ਚੋਣਾਂ ਤੋਂ ਬਾਅਦ ਭਾਰਤ ਨਾਲ ਸਾਡੇ ਸਬੰਧ ਬਿਹਤਰ ਹੋ ਸਕਦੇ ਹਨ। " ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਦਾ ਅਪਣਾ ਪਿਛੋਕੜ ਹੈ। ਭਾਰਤ ਦੀਆਂ 543 ਲੋਕ ਸਭਾ ਸੀਟਾਂ ਲਈ 19 ਅਪ੍ਰੈਲ ਤੋਂ 4 ਜੂਨ ਦੇ ਵਿਚਕਾਰ ਸੱਤ ਪੜਾਵਾਂ ਵਿਚ ਚੋਣਾਂ ਹੋਣਗੀਆਂ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅਪੂਰਨ ਸਬੰਧਾਂ ਦਾ ਲੰਬਾ ਇਤਿਹਾਸ ਰਿਹਾ ਹੈ, ਜਿਸ ਦਾ ਮੁੱਖ ਕਾਰਨ ਕਸ਼ਮੀਰ ਮੁੱਦੇ ਦੇ ਨਾਲ-ਨਾਲ ‘ਪਾਕਿਸਤਾਨ ਸਪਾਂਸਰਡ ਅਤਿਵਾਦ’ ਵੀ ਹੈ। ਸਾਲ 2019 'ਚ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਅਪਣੇ ਸਬੰਧਾਂ ਨੂੰ ਘਟਾ ਦਿਤਾ ਸੀ।
ਅਫਗਾਨਿਸਤਾਨ ਬਾਰੇ ਗੱਲ ਕਰਦਿਆਂ ਰੱਖਿਆ ਮੰਤਰੀ ਆਸਿਫ ਨੇ ਕਿਹਾ ਕਿ ਉਨ੍ਹਾਂ ਨੇ ਇਕ ਉੱਚ ਪੱਧਰੀ ਵਫਦ ਨਾਲ ਅਫਗਾਨਿਸਤਾਨ ਦਾ ਦੌਰਾ ਕੀਤਾ ਅਤੇ ਉੱਥੋਂ ਦੀ ਤਾਲਿਬਾਨ ਸਰਕਾਰ ਨੂੰ ਅਤਿਵਾਦ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਅਪੀਲ ਕੀਤੀ।
(For more Punjabi news apart from Pakistan optimistic of improving bilateral ties with New Delhi post-Lok Sabha elections, stay tuned to Rozana Spokesman)