
ਗ੍ਰੀਸ ਵਿਚ 55 ਸਾਲਾ ਇਕ ਔਰਤ ਫ਼ਲੋਟਿੰਗ ਬੋਰਡ ਸਮੇਤ ਸਮੁੰਦਰ 'ਚ ਵਹਿ ਗਈ। 21 ਘੰਟੇ ਬਾਅਦ ਉਸ ਨੂੰ ਬਚਾ ਲਿਆ.....
ਐਥੇਂਨਜ਼ : ਗ੍ਰੀਸ ਵਿਚ 55 ਸਾਲਾ ਇਕ ਔਰਤ ਫ਼ਲੋਟਿੰਗ ਬੋਰਡ ਸਮੇਤ ਸਮੁੰਦਰ 'ਚ ਵਹਿ ਗਈ। 21 ਘੰਟੇ ਬਾਅਦ ਉਸ ਨੂੰ ਬਚਾ ਲਿਆ ਗਿਆ। ਰੂਸ ਦੀ ਸੈਲਾਨੀ ਓਲਗਾ ਕੁਲਦੋ ਨੂੰ ਜਹਾਜ਼ ਜ਼ਰੀਏ ਸਮੁੰਦਰੀ ਸੀਮਾ 'ਤੇ ਨਜ਼ਰ ਰੱਖਣ ਵਾਲਿਆਂ ਨੇ ਵੇਖਿਆ। ਪੂਰੀ ਰਾਤ ਠੰਢ ਅਤੇ ਅਗਲੇ ਦਿਨ ਤੇਜ਼ ਧੁੱਪ ਵਿਚ ਪਏ ਰਹਿਣ ਕਾਰਨ ਉਸ ਦੀ ਸਿਹਤ ਕਾਫ਼ੀ ਖ਼ਰਾਬ ਹੋ ਗਈ ਸੀ, ਪਰ ਇਲਾਜ ਮਗਰੋਂ ਡਾਕਟਰਾਂ ਨੇ ਉਲਗਾ ਨੇ ਖ਼ਤਰੇ ਤੋਂ ਬਾਹਰ ਦਸਿਆ ਹੈ। ਜਾਣਕਾਰੀ ਮੁਤਾਬਕ ਉਲਗਾ ਗ੍ਰੀਸ ਦੇ ਕ੍ਰੇਤੇ ਸ਼ਹਿਰ ਵਿਚ ਅਪਣੇ ਪਤੀ ਓਲੇਗ (59) ਅਤੇ ਬੇਟੀ ਯੂਲੀਆ (28) ਨਾਲ ਛੁੱਟੀਆਂ ਬਿਤਾਉਣ ਲਈ ਆਈ ਸੀ।
ਉਹ ਸਮੁੰਦਰ ਵਿਚ ਫਲੋਟਿੰਗ ਬੋਰਡ 'ਤੇ ਲੇਟ ਕੇ ਧੁੱਪ ਦਾ ਮਜ਼ਾ ਲੈ ਰਹੀ ਸੀ। ਅਚਾਨਕ ਆਈ ਇਕ ਤੇਜ਼ ਲਹਿਰ ਨਾਲ ਉਹ ਸਮੁੰਦਰ ਵਿਚ ਵਹਿ ਗਈ। ਓਲਗਾ ਪੂਰੀ ਰਾਤ ਸਮੁੰਦਰ ਵਿਚ ਹੀ ਰਹੀ। ਅਗਲੇ ਦਿਨ ਤੇਜ਼ ਧੁੱਪ ਕਾਰਨ ਪਿਆਸ ਨਾਲ ਉਸ ਦਾ ਬੁਰਾ ਹਾਲ ਹੋ ਗਿਆ। ਉਹ ਰੀਜ਼ੋਰਟ ਤੋਂ ਲਗਭਗ 12 ਕਿਲੋਮੀਟਰ ਦੂਰ ਸਮੁੰਦਰ ਵਿਚ ਮਿਲੀ। ਹੈਰਾਨੀ ਦੀ ਗੱਲ ਸੀ ਕਿ ਓਲਗਾ ਦੇ ਸਮੁੰਦਰ ਵਿਚ ਵਹਿ ਜਾਣ ਦੀ ਜਾਣਕਾਰੀ ਤੁਰਤ ਕਿਸੇ ਨੂੰ ਨਹੀਂ ਹੋਈ। ਸ਼ਾਮ ਤਕ ਜਦੋਂ ਉਹ ਅਪਣੇ ਕਮਰੇ ਵਿਚ ਨਹੀਂ ਪਰਤੀ ਉਦੋਂ ਪਰਵਾਰ ਵਾਲਿਆਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ ਸੀ। ਛੇਤੀ ਹੀ ਬਚਾਅ ਦਲ ਨੂੰ ਉਸ ਦੇ ਲਾਪਤਾ ਹੋਣ ਦੀ ਜਾਣਕਾਰੀ ਦਿਤੀ ਗਈ।
ਪਹਿਲਾਂ ਇਕ ਵੱਡੀ ਕਿਸ਼ਤੀ ਅਤੇ ਜੈੱਟ ਸਕੀ ਦੀ ਮਦਦ ਨਾਲ ਓਲਗਾ ਦੀ ਤਲਾਸ਼ ਕੀਤੀ ਗਈ ਪਰ ਸਫ਼ਲਤਾ ਨਹੀਂ ਮਿਲੀ। ਫਿਰ ਸਮੰਦਰੀ ਸੀਮਾ 'ਤੇ ਨਜ਼ਰ ਰੱਖਣ ਵਾਲਿਆਂ ਦੀ ਮਦਦ ਨਾਲ ਉਸ ਦੀ ਤਲਾਸ਼ ਕੀਤੀ ਗਈ। ਹਾਲਤ ਖ਼ਰਾਬ ਹੋਣ ਕਾਰਨ ਓਲਗਾ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਮਗਰੋਂ ਉਸ ਦੀ ਹਾਲਤ ਸਥਿਰ ਹੈ। (ਏਜੰਸੀ)