
ਯੂਐਨ ਨੇ ਇਹ ਵੀ ਕਿਹਾ – ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਦਾ ਕੋਈ ਆਧਾਰ ਹੀ ਨਹੀਂ ਸੀ...
United Nations Comes in Favour of Imran Khan. ਜਨੇਵਾ: ਸੰਯੁਕਤ ਰਾਸ਼ਟਰ (ਯੂਐਨ) ਦੇ ਇਕ ਸਮੂਹ ਨੇ ਪਾਕਿਸਤਾਨ ਦੀ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਤੁਰਤ ਰਿਹਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਖ਼ਿਲਾਫ਼ ਲਾਏ ਗਏ ਘਟੋ-ਘਟ ਦੋ ਕੇਸ ਸਿਆਸਤ ਤੋਂ ਪ੍ਰੇਰਿਤ ਹਨ। ਇਮਰਾਨ ਖ਼ਾਨ ਨੂੰ ਜੇਲ ’ਚ ਰੱਖਣ ਦਾ ਮੁੱਖ ਉਦੇਸ਼ ਉਨ੍ਹਾਂ ਨੂੰ ਪਾਕਿਸਤਾਨ ਦੀ ਸਿਆਸਤ ਤੋਂ ਹਟਾਉਣਾ ਸੀ। ਸੰਯੁਕਤ ਰਾਸ਼ਟਰ ਦੇ ਕਾਰਜ ਸਮੂਹ ਨੇ 18 ਤੋਂ 27 ਮਾਰਚ ਤੱਕ ਜਨੇਵਾ ਵਿੱਚ ਆਪਣੇ 99ਵੇਂ ਸੈਸ਼ਨ ਵਿੱਚ 71 ਸਾਲਾ ਇਮਰਾਨ ਖ਼ਾਨ ਦੀ ਨਜ਼ਰਬੰਦੀ ਬਾਰੇ ਆਪਣੀ ਰਾਇ ਦਿੱਤੀ।
ਸੰਯੁਕਤ ਰਾਸ਼ਟਰ ਦੇ ਇਸ ਸਮੂਹ ਨੇ ਕਿਹਾ ਕਿ ਤੋਸ਼ਾਖਾਨਾ ਅਤੇ ਸਾਈਫ਼ਰ ਮਾਮਲੇ ਵਿਚ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਰਾਜਨੀਤੀ ਤੋਂ ਪ੍ਰੇਰਿਤ ਸੀ, ਜਿਸ ਦਾ ਉਦੇਸ਼ ਉਨ੍ਹਾਂ ਨੂੰ ਪਾਕਿਸਤਾਨ ਦੀ ਸਿਆਸਤ ਤੋਂ ਦੂਰ ਕਰਨਾ ਸੀ। ਸਮੂਹ ਨੇ ਅੱਗੇ ਕਿਹਾ ਕਿ ਇਹ ਬਿਨਾਂ ਕਿਸੇ ਕਾਨੂੰਨੀ ਆਧਾਰ ਦੇ ਸੀ।
ਤੋਸ਼ਾਖਾਨਾ ਮਾਮਲੇ ’ਚ ਸਾਬਕਾ ਪੀਐੱਮ ’ਤੇ ਦੋਸ਼ ਸੀ ਕਿ ਆਪਣੇ ਕਾਰਜਕਾਲ ਦੌਰਾਨ ਇਮਰਾਨ ਖ਼ਾਨ ਨੇ ਸਰਕਾਰੀ ਖ਼ਜ਼ਾਨੇ ਦੇ ਵੇਰਵੇ ਜਾਣਬੁਝ ਕੇ ਛੁਪਾਏ ਸਨ। ਇਮਰਾਨ ’ਤੇ ਸਰਕਾਰੀ ਖ਼ਜ਼ਾਨੇ ’ਚੋਂ ਮਹਿੰਗੇ ਤੋਹਫ਼ੇ ਵੇਚ ਕੇ ਆਮਦਨ ਕਮਾਉਣ ਦਾ ਵੀ ਦੋਸ਼ ਸੀ। ਪਿਛਲੇ ਸਾਲ 5 ਅਗਸਤ ਨੂੰ ਇਸਲਾਮਾਬਾਦ ਦੀ ਇੱਕ ਹੇਠਲੀ ਅਦਾਲਤ ਨੇ ਪਾਕਿਸਤਾਨ ਦੇ ਚੋਣ ਕਮਿਸ਼ਨ ਵਲੋਂ ਦਾਇਰ ਪਹਿਲੇ ਕੇਸ ਵਿੱਚ ਇਮਰਾਨ ਖ਼ਾਨ ਨੂੰ ਦੋਸ਼ੀ ਠਹਿਰਾਉਂਦਿਆਂ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ। ਬਾਅਦ ਵਿਚ ਉਸੇ ਦਿਨ ਉਸ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਚੋਣ ਕਮਿਸ਼ਨ ਨੇ ਇਮਰਾਨ ਖਾਨ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਪੰਜ ਸਾਲ ਲਈ ਅਯੋਗ ਕਰਾਰ ਦੇ ਦਿੱਤਾ ਸੀ।
ਸੰਯੁਕਤ ਰਾਸ਼ਟਰ ਸਮੂਹ ਨੇ ਕਿਹਾ, ‘‘ਇਮਰਾਨ ਖ਼ਾਨ ਦੀ ਨਜ਼ਰਬੰਦੀ ਦਾ ਕੋਈ ਕਾਨੂੰਨੀ ਆਧਾਰ ਨਹੀਂ ਸੀ। ਇਸ ਦਾ ਇੱਕੋ ਇੱਕ ਮਕਸਦ ਉਸ ਨੂੰ ਰਾਜਨੀਤੀ ਤੋਂ ਦੂਰ ਰੱਖਣਾ ਸੀ।’’